ਨਿਊਜ਼ੀਲੈਂਡ ਤੋਂ ਆਏ ਵਫ਼ਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
ਨਿਊਜ਼ੀਲੈਂਡ ਤੋਂ ਆਏ ਵਫ਼ਦੀ ਮਹਿਮਾਨਾ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤਾ ਸਨਮਾਨ
Publish Date: Sat, 13 Dec 2025 06:10 PM (IST)
Updated Date: Sat, 13 Dec 2025 06:12 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਭਗਤ ਸਿੰਘ ਟਰੱਸਟ ਨਿਊਜ਼ੀਲੈਂਡ ਤੋਂ ਰੁਪਿੰਦਰ ਕੌਰ ਗਿੱਲ ਦੀ ਮਾਂ ਗੁਰਮੀਤ ਕੌਰ ਰਾਜੇਆਣਾ ਨੇ ਮਨਦੀਪ ਮਹਿਰਮ ਤੇ ਮਨਪ੍ਰੀਤ ਦੀ ਪ੍ਰੇਰਨਾ ਤੇ ਅਗਵਾਈ ਸਦਕਾ ਨਿਊਜ਼ੀਲੈਂਡ ਤੋਂ ਵਫਦ ਨਾਲ ਦੇਸ਼ ਭਗਤ ਯਾਦਗਾਰ ਹਾਲ ਦੀ ਫੇਰੀ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬੀ, ਅੰਗਰੇਜ਼ੀ, ਹਿੰਦੀ ’ਚ ਗ਼ਦਰੀ ਸਾਹਿਤ ਦੀਆਂ ਪੁਸਤਕਾਂ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਵਫ਼ਦ ਨੇ ਮਿਊਜ਼ੀਅਮ, ਲਾਇਬ੍ਰੇਰੀ, ਵੱਖ-ਵੱਖ ਹਾਲ, ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੁੰਦੀਆਂ ਸਰਗਰਮੀਆਂ ਤੇ ਸਾਹਿਤਕ/ਸੱਭਿਆਚਾਰਕ ਕਲਾ ਕਿਰਤਾਂ ਬਾਰੇ ਜਾਣ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਮਹਾਨ ਇਨਕਲਾਬੀ ਇਤਿਹਾਸਕ ਵਿਰਸੇ ਦੀ ਮਸ਼ਾਲ ਜਗਦੀ ਰੱਖ ਰਿਹਾ ਹੈ ਤੇ ਸਾਡੇ ਵਰਗੇ ਪ੍ਰਦੇਸ਼ਾਂ ਅੰਦਰ ਪਰਵਾਸ ਦਾ ਦਰਦ ਹੰਢਾ ਰਹੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ’ਚ ਸ਼ਹੀਦ ਭਗਤ ਸਿੰਘ ਟਰੱਸਟ ਨਿਊਜ਼ੀਲੈਂਡ ਵੱਲੋਂ ਹੁੰਦੀਆਂ ਨਿਰੰਤਰ ਸਰਗਰਮੀਆਂ ਦਾ ਆਦਾਨ-ਪ੍ਰਦਾਨ ਸਾਂਝਾ ਕਰਦਿਆਂ ਸਮੂਹ ਪਰਿਵਾਰ ਨੇ ਭਵਿੱਖ਼ ’ਚ ਇਹ ਸਾਂਝ ਹੋਰ ਵੀ ਮਜ਼ਬੂਤ ਕਰਨ ਦਾ ਪ੍ਰਗਟਾਵਾ ਕੀਤਾ। ਇਸ ਵਫ਼ਦ ਦੇ ਮੋਢੀ ਗੁਰਵਿੰਦਰ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਨੂੰ 5000/ ਰੁਪਏ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਤੇ ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ।