ਫ਼ਰਜ਼ੀ ਰਜਿਸਟਰੀ ਮਾਮਲੇ ਦੇ ਜਾਂਚ ਘੇਰੇ ’ਚ ਆਉਣਗੇ ਡੀਡ ਰਾਈਟਰ ਤੇ ਦੋਵੇਂ ਗਵਾਹ
ਫਰਜੀ ਰਜਿਸਟਰੀ ਮਾਮਲੇ ਦੀ ਜਾਂਚ ਦੇ ਘੇਰੇ ’ਚ ਆਉਣਗੇ ਡੀਡ
Publish Date: Sat, 17 Jan 2026 09:33 PM (IST)
Updated Date: Sat, 17 Jan 2026 09:37 PM (IST)

---------ਅੱਜ ਦੀ ਲੀਡ ਖਬਰ----------- --- ਪੁਲਿਸ ਜਾਂਚ ਨਾਲ ਸਾਰੇ ਖੇਡ ਤੋਂ ਉਠੇਗਾ ਪਰਦਾ, ਕਈ ਸਵਾਲ ਹਾਲੇ ਵੀ ਅਣਸੁਲਝੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੰਗਲਸ਼ਾਮਾ ਦੀ ਕੱਚ ਦੇ ਗੁਦਾਮ ਵਾਲੀ ਕਾਲੋਨੀ ’ਚ ਮ੍ਰਿਤਕ ਜਮਨਾ ਦਾਸ ਨੂੰ ਜਿਊਂਦਾ ਦਿਖਾ ਕੇ ਉਸ ਦੇ 17 ਮਰਲੇ ਪਲਾਟ ਦੀ ਫ਼ਰਜ਼ੀ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਹੁਣ ਤੱਕ ਦੀ ਜਾਂਚ ਦੌਰਾਨ ਮੁੱਖ ਮੁਲਜ਼ਮ ਸਾਬਕਾ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਦੇ ਨਾਲ-ਨਾਲ ਡੀਡ ਰਾਈਟਰ ਤੇ ਦੋ ਗਵਾਹ ਵੀ ਜਾਂਚ ਦੇ ਘੇਰੇ ’ਚ ਲਿਆਂਦੇ ਜਾਣਗੇ। ਇਸ ਮਾਮਲੇ ’ਚ ਮੁਲਜ਼ਮ ਨੰਬਰਦਾਰ ਨੂੰ ਸਸਪੈਂਡ ਕਰਨ ਤੋਂ ਬਾਅਦ ਉਸਨੂੰ ਬਰਖਾਸਤ ਕਰਨ ਦੀ ਕਾਰਵਾਈ ਪ੍ਰਕਿਰਿਆ ’ਚ ਹੈ। ਮੁੱਖ ਗਵਾਹ ਵਜੋਂ ਖਰੀਦਦਾਰ ਤੇ ਵੇਚਣ ਵਾਲੇ ਦੀ ਤਸਦੀਕ ਕਰਨ ਵਾਲੇ ਨੰਬਰਦਾਰ ਗੁਰਦੇਵ ਸਿੰਘ ਨੂੰ ਵੀ ਸਸਪੈਂਡ ਕਰਕੇ ਬਰਖਾਸਤ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਸ ਤੋਂ ਇਲਾਵਾ ਰਜਿਸਟਰੀ ’ਚ ਗਵਾਹ ਰਹੇ ਗੁਰਿੰਦਰ ਸਿੰਘ ਤੇ ਮਲਕੀਤ ਸਿੰਘ ਦੀ ਪਛਾਣ ਕਰਕੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਪੁਲਿਸ ਜਾਂਚ ’ਤੇ ਨਿਰਭਰ ਹੈ, ਕਿਉਂਕਿ ਡੀਸੀ ਡਾ. ਹਿਮਾਂਸ਼ੁ ਅਗਰਵਾਲ ਦੇ ਹੁਕਮਾਂ ’ਤੇ ਜ਼ਿਲ੍ਹਾ ਰੈਵਨਿਊ ਅਫ਼ਸਰ ਨਵਦੀਪ ਸਿੰਘ ਭੋਗਲ ਨੇ ਪੁਲਿਸ ਕਮਿਸ਼ਨਰ ਨੂੰ ਜਾਂਚ ਰਿਪੋਰਟ ’ਚ ਮੁਲਜ਼ਮ ਠਹਿਰਾਏ ਗਏ ਲੋਕਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ। ਹਾਲਾਂਕਿ ਸ਼ਨਿਚਰਵਾਰ ਸ਼ਾਮ ਤੱਕ ਇਸ ਮਾਮਲੇ ’ਚ ਕੋਈ ਪਰਚਾ ਦਰਜ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਾਂਚ ਰਿਪੋਰਟ ’ਤੇ ਡੀਏ ਲੀਗਲ ਦੀ ਸਿਫ਼ਾਰਸ਼ ਤੋਂ ਬਾਅਦ ਹੀ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇਗੀ। --------------------------- ਜਮਨਾ ਦਾਸ ਦੇ ਪਿੰਡ ਦਾ ਹੀ ਡੀਡ ਰਾਈਟਰ ਸਾਰੀ ਖੇਡ ਦਾ ਮੁੱਖ ਖਿਡਾਰੀ ਫ਼ਰਜ਼ੀ ਰਜਿਸਟਰੀ ਮਾਮਲੇ ਦੇ ਸ਼ਿਕਾਇਤਕਰਤਾ ਅਨੁਸਾਰ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਸਥਿਤ ਇੰਪੀਰੀਅਲ ਮੈਨਰ ਦੇ ਸਾਹਮਣੇ ਕੱਚ ਦੇ ਗੁਦਾਮ ਵਾਲੀ ਕਾਲੋਨੀ ਨੇੜਲੇ ਪਿੰਡ ਭੋਜੇਵਾਲ ਵਾਸੀ ਜਮਨਾ ਦਾਸ ਦੇ ਨੇੜਲੇ ਘਰਾਂ ਵਾਲੇ ਡੀਡ ਰਾਈਟਰ ਨੂੰ ਇਹ ਪੂਰੀ ਜਾਣਕਾਰੀ ਸੀ ਕਿ ਜਮਨਾ ਦਾਸ ਦੀ ਮੌਤ ਮਈ 2023 ’ਚ ਹੋ ਚੁੱਕੀ ਹੈ। ਦੋ ਪੁੱਤਰਾਂ ’ਚੋਂ ਇਕ ਕੈਨੇਡਾ ’ਚ ਰਹਿੰਦਾ ਹੈ, ਜਦਕਿ ਦੂਜੇ ਪੁੱਤਰ ਦੀ, ਜੋ ਇਟਲੀ ’ਚ ਰਹਿੰਦਾ ਸੀ, ਮੌਤ ਹੋ ਚੁੱਕੀ ਹੈ। ਪਲਾਟ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਸ਼ਹਿਰ ’ਚ ਮੌਜੂਦ ਨਹੀਂ। ਹਾਲਾਂਕਿ ਜਮਨਾ ਦਾਸ ਨੇ ਮੌਤ ਤੋਂ ਪਹਿਲਾਂ ਆਪਣੇ ਪੁੱਤਰ ਵੇਦ ਪ੍ਰਕਾਸ਼ ਨੂੰ ਤੇ ਬਾਅਦ ’ਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਵਿਜੈ ਭਾਟੀਆ ਨੂੰ ਦੋ ਪਲਾਟਾਂ ਦੀ ਪਾਵਰ ਆਫ਼ ਅਟਾਰਨੀ ਦੇ ਰੱਖੀ ਸੀ। ਇਸ ਦਰਮਿਆਨ ਪਿੰਡ ਦੇ ਹੀ ਡੀਡ ਰਾਈਟਰ ਨੇ ਨੀਅਤ ਖ਼ਰਾਬ ਹੋਣ ’ਤੇ ਪਲਾਟ ਲਈ ਖਰੀਦਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਸਾਜ਼ਿਸ਼ ਤਹਿਤ ਪੂਰੇ ਫ਼ਰਜ਼ੀਵਾੜੇ ਨੂੰ ਅੰਜਾਮ ਦਿੱਤਾ। ਰਜਿਸਟਰੀ ’ਤੇ ਵੀ ਇਸੇ ਡੀਡ ਰਾਈਟਰ ਦੇ ਦਸਤਖ਼ਤ ਹਨ, ਜੋ ਪੁਲਿਸ ਜਾਂਚ ’ਚ ਆਉਣ ਤੋਂ ਬਾਅਦ ਪੂਰੇ ਮਾਮਲੇ ਦੀ ਕਹਾਣੀ ਬੇਨਕਾਬ ਕਰਨਗੇ। ------------------------- ਫ਼ਰਜ਼ੀ ਜਮਨਾ ਦਾਸ ਬਣਨ ਵਾਲਾ ਕੇਸ਼ਰ ਸਿੰਘ ਅੱਜਕੱਲ੍ਹ ਜੇਲ੍ਹ ’ਚ ਫ਼ਰਜ਼ੀ ਰਜਿਸਟਰੀ ਕਰਵਾਉਣ ਲਈ ਭੂ-ਮਾਫੀਆ ਵੱਲੋਂ ਜੋ ਵਿਅਕਤੀ ਫ਼ਰਜ਼ੀ ਜਮਨਾ ਦਾਸ ਬਣ ਕੇ ਤਹਿਸੀਲ ’ਚ ਪੇਸ਼ ਕੀਤਾ ਗਿਆ, ਉਹ ਪਿੰਡ ਨੰਦਨਪੁਰ ਵਾਸੀ ਕੇਸ਼ਰ ਸਿੰਘ ਹੈ, ਜੋ ਪਹਿਲਾਂ ਵੀ ਧੋਖਾਧੜੀ ਦੇ ਮਾਮਲਿਆਂ ’ਚ ਸ਼ਾਮਲ ਰਹਿ ਚੁੱਕਾ ਹੈ। ਅਜਿਹੇ ਹੀ ਇਕ ਧੋਖਾਧੜੀ ਦੇ ਕੇਸ ’ਚ ਮੁਲਜ਼ਮ ਹੋਣ ਕਰਕੇ ਉਹ ਇਸ ਸਮੇਂ ਨਿਆਂਇਕ ਹਿਰਾਸਤ ’ਚ ਜੇਲ੍ਹ ’ਚ ਹੈ। ਇਹ ਵੀ ਇਕ ਵੱਡਾ ਸਵਾਲ ਹੈ ਕਿ ਕਿਸ ਨੇ ਤੇ ਕਿਵੇਂ ਕੇਸ਼ਰ ਸਿੰਘ ਦੀ ਫੋਟੋ ਦੀ ਵਰਤੋਂ ਕਰਕੇ ਜਾਅਲੀ ਆਧਾਰ ਕਾਰਡ ਤੇ ਪੈਨ ਕਾਰਡ ਬਣਵਾਏ, ਜੋ ਰਜਿਸਟਰੀ ’ਚ ਵਰਤੇ ਗਏ। ਜੇ ਪੁਲਿਸ ਜਾਂਚ ’ਚ ਫ਼ਰਜ਼ੀ ਜਮਨਾ ਦਾਸ ਬਣਨ ਵਾਲੇ ਕੇਸ਼ਰ ਸਿੰਘ ਨੂੰ ਸ਼ਾਮਲ ਕੀਤਾ ਗਿਆ, ਤਾਂ ਕੇਸ ਨਾਲ ਜੁੜੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ------------------------- ਫ਼ਰਜ਼ੀ ਕਾਰਡ ਨੰਬਰ, ਜਨਮ ਤਰੀਕ ਤੇ ਪਤਾ ਦੇ ਕੇ ਬਣਾਇਆ ਆਧਾਰ ਕਾਰਡ ਜਮਨਾ ਦਾਸ ਦੇ ਅਸਲੀ ਆਧਾਰ ਕਾਰਡ ’ਚ 3 ਦਸੰਬਰ 1947 ਦੀ ਜਨਮ ਤਰੀਕ ਤੇ ਪਿੰਡ ਭੋਜੇਵਾਲ ਦਾ ਪਤਾ ਦਰਜ ਹੈ। ਜਦਕਿ ਜਾਅਲੀ ਬਣਾਏ ਗਏ ਕੇਸ਼ਰ ਸਿੰਘ ਦੇ ਆਧਾਰ ਕਾਰਡ ’ਚ ਗਲਤ ਕਾਰਡ ਨੰਬਰ ਦੇ ਨਾਲ 26 ਨਵੰਬਰ 1958 ਦੀ ਜਨਮ ਤਰੀਕ ਤੇ ਲੰਮਾ ਪਿੰਡ ਨੇੜੇ ਬਸੰਤ ਵਿਹਾਰ ਦੇ ਮਕਾਨ ਨੰਬਰ 132 ਦਾ ਪਤਾ ਦਿੱਤਾ ਗਿਆ ਹੈ। ਹਾਲਾਂਕਿ ਦੋਵੇਂ ਆਧਾਰ ਕਾਰਡਾਂ ’ਚ ਪਿਤਾ ਦਾ ਨਾਮ ਧੰਨਾ ਰਾਮ ਹੀ ਦਰਜ ਹੈ। ਇਹੀ ਤਰੀਕਾ ਪੈਨ ਕਾਰਡ ਬਣਵਾਉਣ ਸਮੇਂ ਵੀ ਵਰਤਿਆ ਗਿਆ, ਜਿਸ ’ਚ ਫ਼ਰਜ਼ੀ ਆਧਾਰ ਕਾਰਡ ਵਾਲੇ ਵੇਰਵੇ ਦੇ ਨਾਲ ਫੋਟੋ ਬਦਲੀ ਗਈ। -------------------- ਜਾਂਚ ’ਚ ਕਈ ਸਵਾਲ ਸਵਾਲ ਉੱਠਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਰਜ਼ੀ ਰਜਿਸਟਰੀ ਮਾਮਲੇ ’ਚ ਹੁਣ ਤੱਕ ਹੋਈ ਜਾਂਚ ਤੇ ਕਾਰਵਾਈ ਨੂੰ ਲੈ ਕੇ ਭਾਵੇਂ ਜੋ ਵੀ ਦਾਅਵੇ ਕਰੇ ਪਰ ਤਹਿਸੀਲ ’ਚ ਇਸ ਤਰ੍ਹਾਂ ਦੇ ਕੰਮ ਕਰਨ ਵਾਲਾ ਰੈਕੇਟ ਅੱਜ ਵੀ ਸਰਗਰਮ ਹੈ। ਮ੍ਰਿਤਕ ਦਾ ਆਧਾਰ ਤੇ ਪੈਨ ਕਾਰਡ ਕਿਸ ਨੇ ਤੇ ਕਿਵੇਂ ਬਣਵਾਇਆ, ਇਹ ਅਜੇ ਤੱਕ ਜਾਂਚ ਦੇ ਸਵਾਲਾਂ ਤੋਂ ਬਾਹਰ ਹੈ। ਕੋਈ ਵੀ ਨੰਬਰਦਾਰ ਕਿਸੇ ਵੀ ਇਲਾਕੇ ਦੇ ਲੋਕਾਂ ਦੀ ਆਸਾਨੀ ਨਾਲ ਪਛਾਣ ਦੀ ਤਸਦੀਕ ਕਰ ਦਿੰਦਾ ਹੈ ਤੇ ਤਹਿਸੀਲ ਦੇ ਅਫ਼ਸਰ ਉਸ ਨੂੰ ਸਹੀ ਮੰਨ ਕੇ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਕਰਵਾ ਦਿੰਦੇ ਹਨ। ਤਹਿਸੀਲ ਦੇ ਸਟਾਫ਼ ਤੋਂ ਲੈ ਕੇ ਅਫ਼ਸਰਾਂ ਦੀ ਮਿਲੀਭੁਗਤ ਤੋਂ ਬਿਨਾਂ ਇੰਨੀ ਵੱਡੀ ਫ਼ਰਜ਼ੀ ਰਜਿਸਟਰੀ ਕਿਵੇਂ ਹੋ ਸਕਦੀ ਹੈ, ਜਦਕਿ ਇਹ ਪਹਿਲੀ ਵਾਰ ਨਹੀਂ ਹੋਇਆ। ਜਾਂਚ ’ਚ ਖਰੀਦਦਾਰ, ਨੰਬਰਦਾਰ ਤੇ ਗਵਾਹ ਨੂੰ ਦੋਸ਼ੀ ਮੰਨ ਕੇ ਅਫ਼ਸਰ ਆਪਣੇ-ਆਪ ਨੂੰ ਬੇਦੋਸ਼ ਕਿਵੇਂ ਮੰਨ ਸਕਦੇ ਹਨ, ਉਨ੍ਹਾਂ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਉਣਾ ਚਾਹੀਦਾ ਹੈ। -------------------- ਜ਼ਮੀਨ ਵੇਚਣ ਦੀ ਰਕਮ ਵਾਪਸ ਹੋਈ ਪਰ ਮਾਲਕੀ ਅਜੇ ਵੀ ਨਹੀਂ ਬਦਲੀ ਜਮਨਾ ਦਾਸ ਦੀ ਮਲਕੀਅਤ ਵਾਲੇ 17 ਮਰਲੇ ਪਲਾਟ ’ਚੋਂ ਕਰੀਬ 7 ਮਰਲੇ ਜ਼ਮੀਨ ਮੁਲਜ਼ਮ ਮਨਦੀਪ ਕੁਮਾਰ ਜੱਸਲ ਨੇ ਅਜੀਤ ਨਗਰ ਵਾਸੀ ਮੁਨੀਸ਼ ਕੁਮਾਰ ਨੂੰ ਕਰੀਬ 18 ਲੱਖ ਰੁਪਏ ’ਚ ਵੇਚ ਦਿੱਤੀ। ਜਦੋਂ ਉਸ ਨੇ ਪਲਾਟ ’ਤੇ ਚਾਰਦੀਵਾਰੀ ਬਣਾਉਣੀ ਸ਼ੁਰੂ ਕੀਤੀ ਤਾਂ ਮਾਮਲਾ ਬੇਨਕਾਬ ਹੋਇਆ। ਇਸ ਤੋਂ ਬਾਅਦ ਖਰੀਦਦਾਰ ਮੁਨੀਸ਼ ਕੁਮਾਰ ਨੇ ਠੱਗੀ ਹੋਣ ਦਾ ਦੋਸ਼ ਲਗਾਉਂਦੇ ਹੋਏ ਕਈ ਆਗੂਆਂ ਕੋਲ ਸ਼ਿਕਾਇਤ ਕੀਤੀ। ਇਕ ਬਦਨਾਮ ਰਹੇ ਵਿਧਾਇਕ ਦੀ ਪਹਿਲ ’ਤੇ ਉਸਨੂੰ ਕਰੀਬ 16 ਲੱਖ ਰੁਪਏ ਵਾਪਸ ਕਰ ਦਿੱਤੇ ਗਏ। ਮੁਨੀਸ਼ ਦਾ ਦਾਅਵਾ ਸੀ ਕਿ ਉਸ ਨੂੰ ਪਲਾਟ ਦੀ ਐੱਨਓਸੀ ਤੇ ਸਟੈਂਪ ਪੇਪਰ ਦਾ ਖਰਚਾ ਵੀ ਚਾਹੀਦਾ ਹੈ। ਬਾਅਦ ’ਚ ਮੁਨੀਸ਼ ਕੁਮਾਰ ਡੀਸੀ ਸਾਹਮਣੇ ਪੇਸ਼ ਹੋਇਆ ਤੇ ਠੱਗੀ ਦੀ ਗੱਲ ਕਹਿੰਦੇ ਹੋਏ ਜ਼ਮੀਨ ਮੁੜ ਜਮਨਾ ਦਾਸ ਦੇ ਨਾਮ ਕਰਨ ਦੀ ਸਹਿਮਤੀ ਦਿੱਤੀ। ਹੁਣ ਡੀਸੀ ਦੇ ਹੁਕਮਾਂ ਤੋਂ ਬਾਅਦ ਫ਼ਰਜ਼ੀ ਰਜਿਸਟਰੀ ਤੇ ਇੰਤਕਾਲ ਰੱਦ ਕਰਕੇ ਜ਼ਮੀਨ ਜਮਨਾ ਦਾਸ ਦੇ ਵਾਰਸਾਂ ਦੇ ਨਾਮ ਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ।