ਸਪੋਰਟਸ ਹੱਬ ਲਈ ਨੀਂਹ ਪੱਥਰ ਰੱਖਣ ’ਤੇ ਨਿਗਮ ਨੇ ਖਰਚ ਕੀਤੇ 1.75 ਕਰੋੜ ਰੁਪਏ, ਆਪ ਨੂੰ ਹਾਉਸ ’ਚ ਘੇਰੇਗੀ ਕਾਂਗਰਸ

- ਸੜਕ ਉਸਾਰੀ ਦੇ ਵੱਡੇ ਟੈਂਡਰਾਂ, ਕਰੱਪਸ਼ਨ ਤੇ ਫੰਡਾਂ ਦੀ ਦੁਰਵਰਤੋਂ ਦਾ ਮੁੱਦਾ ਉਠਾਏਗੀ ਕਾਂਗਰਸ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਅੱਜ ਮੰਗਲਵਾਰ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਵਿਰੋਧੀ ਕਾਂਗਰਸ ਦਲ ਨੇ ਸੱਤਾ ਪੱਖ ਨੂੰ ਘੇਰਨ ਲਈ ਪੂਰੀ ਤਿਆਰੀ ਕਰ ਲਈ ਹੈ। ਸਪੋਰਟਸ ਹੱਬ ਦੇ ਨੀਂਹ ਪੱਥਰ ਸਮਾਗਮ ’ਤੇ 1.75 ਕਰੋੜ ਰੁਪਏ ਖਰਚ ਕਰਨ ਦਾ ਮਾਮਲਾ ਮੀਟਿੰਗ ’ਚ ਵੱਡਾ ਮੁੱਦਾ ਬਣ ਸਕਦਾ ਹੈ। ਦੁਪਹਿਰ 3 ਵਜੇ ਰੈੱਡਕਰਾਸ ਭਵਨ ’ਚ ਹੋਣ ਵਾਲੀ ਹਾਊਸ ਮੀਟਿੰਗ ’ਚ ਕਾਂਗਰਸੀ ਪ੍ਰੀਸ਼ਦ ਇਸ ਖਰਚ ਨੂੰ ਨਿਗਮ ਫੰਡ ਦੀ ਦੁਰਵਰਤੋਂ ਦੱਸਦੇ ਹੋਏ ਸੱਤਾ ਪੱਖ ਨੂੰ ਘੇਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਮਾਗਮ ਪ੍ਰਸ਼ਾਸਨਿਕ ਸੀ ਪਰ ਇਸ ਲਈ ਵੱਡੀ ਰੈਲੀ ਕੀਤੀ ਗਈ ਤੇ ਉਸੇ ਸਮੇਂ ਤੋਂ ਇਹ ਚਰਚਾ ਸੀ ਕਿ ਨੀਂਹ ਪੱਥਰ ਸਮਾਗਮ ਨੂੰ ਰਾਜਨੀਤਿਕ ਰੈਲੀ ਬਣਾ ਦਿੱਤਾ ਗਿਆ ਹੈ। ਇਸ ਸਮਾਗਮ ’ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਸਨ। ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਨੇਤਾ ਵੀ ਮੌਜੂਦ ਰਹੇ।
ਹਾਊਸ ਮੀਟਿੰਗ ’ਚ 1.75 ਕਰੋੜ ਰੁਪਏ ਦੇ ਬਿੱਲ ਦੀ ਅਦਾਇਗੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਨਿਗਮ ਫੰਡ ਦਾ ਦੁਰਵਰਤੋਂ ਹੈ ਤੇ ਕਾਂਗਰਸ ਦੇ ਸਾਰੇ ਕੌਂਸਲਰ ਇਕਜੁੱਟ ਹੋ ਕੇ ਹਾਊਸ ’ਚ ਸੱਤਾ ਪੱਖ ਨੂੰ ਇਸ ਮੁੱਦੇ ’ਤੇ ਘੇਰਨਗੇ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕਈ ਵੱਡੇ ਟੈਂਡਰ ਲਗਾਏ ਜਾ ਰਹੇ ਹਨ ਤੇ ਇਸ ’ਤੇ ਕਰੋੜਾਂ ਰੁਪਏ ਖਰਚੇ ਜਾਣੇ ਹਨ। ਇਹ ਵੀ ਸ਼ੱਕ ਹੈ ਕਿ ਇਹ ਟੈਂਡਰ ਦਿੱਲੀ ਦੀ ਕੰਪਨੀ ਨੂੰ ਦਿੱਤੇ ਜਾ ਸਕਦੇ ਹਨ, ਜੋ ਆਪ ਦੇ ਵੱਡੇ ਨੇਤਾਵਾਂ ਦੇ ਕਰੀਬੀਆਂ ਦੀਆਂ ਕੰਪਨੀਆਂ ਹੋ ਸਕਦੀਆਂ ਹਨ। ਨਗਰ ਨਿਗਮ ਦੀ ਹਾਊਸ ਮੀਟਿੰਗ ਦੁਪਹਿਰ 3 ਵਜੇ ਹੋਵੇਗੀ ਪਰ ਇਸ ਤੋਂ ਪਹਿਲਾਂ 11:30 ਵਜੇ ਕਾਂਗਰਸ ਭਵਨ ’ਚ ਸਾਰੇ ਕਾਂਗਰਸ ਕੌਂਸਲਰਾਂ ਦੀ ਮੀਟਿੰਗ ਹੋਵੇਗੀ, ਜਿਸ ’ਚ ਰਣਨੀਤੀ ਤੈਅ ਕੀਤੀ ਜਾਵੇਗੀ।
ਵਿਰੋਧੀ ਧਿਰ ਦੇ ਨੇਤਾ ਨਾ ਬਣਾਉਣ ਨਾਲ ਕਮਜ਼ੋਰ ਹੋ ਸਕਦੀ ਕਾਂਗਰਸ
ਨਗਰ ਨਿਗਮ ਹਾਊਸ ਦੇ ਗਠਨ ਨੂੰ 10 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕਾਂਗਰਸ ਅਜੇ ਤੱਕ ਹਾਊਸ ’ਚ ਨੇਤਾ ਵਿਰੋਧ ਨਿਯੁਕਤ ਨਹੀਂ ਕਰ ਸਕੀ। ਸ਼ਹਿਰ ’ਚ ਕਈ ਮੁੱਦੇ ਹਨ ਤੇ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਸੱਤਾ ਪੱਖ ਦੀਆਂ ਕਮੀਆਂ ਨੂੰ ਉਠਾਉਣ ਲਈ ਕਾਂਗ੍ਰਸ ਇਕਜੁੱਟ ਨਜ਼ਰ ਨਹੀਂ ਆ ਰਹੀ। ਨੇਤਾ ਵਿਰੋਧ ਨਾ ਚੁਣ ਪਾਉਣ ਦੇ ਪਿੱਛੇ ਅੰਦਰੂਨੀ ਗੁੱਟਬੰਦੀ ਕਾਰਨ ਦੱਸਿਆ ਜਾ ਰਿਹਾ ਹੈ। ਇਸ ਕਾਰਨ ਕਾਂਗਰਸ ਦੂਜੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਲੋਕਾਂ ਦੇ ਮੁੱਦੇ ਹਾਊਸ ’ਚ ਨਹੀਂ ਉਠਾ ਪਾ ਰਹੀ। ਹਾਊਸ ਦੀ ਇਹ ਮੀਟਿੰਗ ਲਗਭਗ 8 ਮਹੀਨੇ ਬਾਅਦ ਹੋ ਰਹੀ ਹੈ। ਸਾਲ 2025-26 ਦੀ ਇਹ ਪਹਿਲੀ ਮੀਟਿੰਗ ਹੈ, ਜਦਕਿ ਚੱਲਦੇ ਵਿੱਤੀ ਸਾਲ ਦੇ ਸਾਢੇ 7 ਮਹੀਨੇ ਲੰਘ ਚੁੱਕੇ ਹਨ। ਭਾਜਪਾ ਨੇ ਆਪਣੇ ਕੌਂਸਲਰ ਦਲ ਦੇ ਨੇਤਾ ਤੇ ਦੋ ਡਿਪਟੀ ਨੇਤਾ ਤੈਅ ਕਰ ਦਿੱਤੇ ਹਨ ਪਰ ਲੋਕਾਂ ’ਚ ਉਨ੍ਹਾਂ ਦੀ ਵਰਕਿੰਗ ਕਮਜ਼ੋਰ ਦੱਸੀ ਜਾ ਰਹੀ ਹੈ। ਹੁਣ ਤੱਕ ਭਾਜਪਾ ਕੌਂਸਲਰ ਦਲ ਜੋ ਮੁੱਦੇ ਉਠਾਉਂਦਾ ਆਇਆ ਹੈ ਉਨ੍ਹਾਂ ਦੀ ਪੂਰੀ ਤਰ੍ਹਾਂ ਪੈਰਵੀ ਨਹੀਂ ਹੋ ਸਕੀ।
ਕੂੜਾ ਪ੍ਰਬੰਧਨ ਦੇ ਮੁੱਦੇ ’ਤੇ ਯੂਨੀਅਨਾਂ ਵੀ ਖੋਲ੍ਹ ਸਕਦੀਆਂ ਮੋਰਚਾ
ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਸ਼ਹਿਰ ਦੇ ਕੂੜਾ ਪ੍ਰਬੰਧਨ ਲਈ 143 ਕਰੋੜ ਦੇ ਪ੍ਰੋਜੈਕਟ ਦਾ ਪ੍ਰਸਤਾਵ ਰੱਖਿਆ ਜਾ ਸਕਦਾ ਹੈ। ਹਾਲਾਂਕਿ ਹਾਊਸ ਦੀ ਮਨਜ਼ੂਰੀ ਤੋਂ ਪਹਿਲਾਂ ਹੀ ਇਸ ਪ੍ਰੋਜੈਕਟ ਦਾ ਟੈਂਡਰ ਲਗਾਇਆ ਜਾ ਚੁੱਕਾ ਹੈ ਤੇ ਨਿਗਮ ਦੀਆਂ ਸਾਰੀਆਂ ਚੌਥੇ ਦਰਜੇ ਦੀਆਂ ਯੂਨੀਅਨਾਂ ਇਸਦਾ ਵਿਰੋਧ ਕਰ ਰਹੀਆਂ ਹਨ। ਇਕ ਯੂਨੀਅਨ ਨੇ ਤਾਂ ਟੈਂਡਰ ਰੱਦ ਨਾ ਕਰਨ ’ਤੇ ਹੜਤਾਲ ਦੀ ਚਿਤਾਵਨੀ ਦੇ ਦਿੱਤੀ ਹੈ। ਯੂਨੀਅਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਨਿਗਮ ਪ੍ਰਸ਼ਾਸਨ ਨੇ 13 ਨਵੰਬਰ ਨੂੰ ਖੁਲ੍ਹਣਾ ਸੀ ਉਹ ਟੈਂਡਰ ਹੁਣ 24 ਨਵੰਬਰ ਨੂੰ ਓਪਨ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਸੀਵਰੇਜ ਮੇਨਟੇਨੈਂਸ ਦੇ 62 ਕਰੋੜ ਦੇ ਟੈਂਡਰ ਦਾ ਵੀ ਵਿਰੋਧ ਹੋ ਰਿਹਾ ਹੈ।
ਭਾਜਪਾ ਨੇ ਬਣਾਈ ਰਣਨੀਤੀ, ਕੁਰੱਪਸ਼ਨ ਤੇ ਫੰਡਾਂ ਦੀ ਦੁਰਵਰਤੋਂ ਦਾ ਮੁੱਦਾ ਚੁੱਕਣਗੇ
ਨਗਰ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਤੇ ਕੌਂਸਲਰ ਦਲ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਪਾਰਟੀ ਕੌਂਸਲਰਾਂ ਨਾਲ ਚਰਚਾ ਕੀਤੀ ਹੈ। ਮੀਟਿੰਗ ’ਚ ਕਿਹੜੇ ਮੁੱਦੇ ਸੱਤਾ ਪੱਖ ਵਿਰੁੱਧ ਤੇ ਕਿਹੜੇ ਮੁੱਦਿਆਂ ’ਤੇ ਆਵਾਜ ਚੁੱਕਣੀ ਹੈ, ਇਹ ਸਭ ਤੈਅ ਕੀਤਾ ਗਿਆ ਹੈ। ਸਾਰੇ ਭਾਜਪਾ ਕੌਂਸਲਰ ਇਕਜੁੱਟ ਹੋ ਕੇ ਜਲੰਧਰ ਦੀ ਜਨਤਾ ਨਾਲ ਹੋ ਰਹੇ ਭ੍ਰਿਸ਼ਟਾਚਾਰ, ਅਸੁਵਿਧਾਵਾਂ ਤੇ ਸਰਕਾਰੀ ਫੰਡਾਂ ਦੇ ਦੁਰਵਰਤੋਂ ਨੂੰ ਲੈ ਕੇ ਹਾਊਸ ’ਚ ਜਨਤਾ ਦੀ ਆਵਾਜ਼ ਬੁਲੰਦ ਕਰਨਗੇ। ਮੀਟਿੰਗ ’ਚ ਹਰ ਕੌਂਸਲਰ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ ਕਿ ਕੌਣ ਕਿਹੜਾ ਮੁੱਦਾ ਚੁੱਕੇਗਾ। ਮੀਟਿੰਗ ’ਚ ਡਿਪਟੀ ਨੇਤਾ ਚੰਦਰਜੀਤ ਕੌਰ ਸੰਧਾ, ਪ੍ਰੋ. ਕਨਵਰ ਸਰਤਾਜ ਸਿੰਘ, ਰਾਜੀਵ ਢੀਂਗਰਾ, ਗੁਰਦੀਪ ਸਿੰਘ ਫੌਜੀ, ਸ਼ੋਭਾ ਮਿਨੀਆ, ਮਨਜੀਤ ਕੌਰ, ਅਜੈ ਬਬਲ, ਰਵੀ ਕੁਮਾਰ, ਰਿੰਪੀ ਪ੍ਰਭਾਕਰ, ਮੀਨੂ ਢੰਡ, ਜ੍ਯੋਤੀ ਲੋਚ, ਅਮਿਤ ਸਿੰਘ ਸੰਧਾ, ਅਸ਼ਵਿਨੀ ਢੰਡ ਤੇ ਜਗਜੀਤ ਸਿੰਘ ਮੌਜੂਦ ਰਹੇ।