ਦਿਨ ਭਰ ਚੱਲੀ ਸ਼ੀਤ ਲਹਿਰ, ਧੁੱਪ ਨੇ ਠੰਢਕ ਤੋਂ ਦਿੱਤੀ ਕੁਝ ਰਾਹਤ, ਦਿਨ ਢਲਦੇ ਹੀ ਫਿਰ ਉਹੀ ਹਾਲ

-------------ਤਸਵੀਰਾਂ ਹਿੰਦੀ ਚੋਂ 31, 32-----------
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਸ਼ਨਿਚਰਵਾਰ ਸਵੇਰੇ ਸੰਘਣੀ ਧੁੰਦ ਪਈ ਤੇ ਠੰਢੀਆਂ ਹਵਾਵਾਂ ਵੀ ਤੇਜ਼ੀ ਨਾਲ ਚੱਲਦੀਆਂ ਰਹੀਆਂ, ਜਿਸ ਕਾਰਨ ਹਰ ਕੋਈ ਠੰਢ ਨਾਲ ਕੰਬਦਾ ਨਜ਼ਰ ਆਇਆ। ਸਵੇਰੇ ਦਸ ਵਜੇ ਤੱਕ ਵਿਜ਼ੀਬਿਲਿਟੀ ਸਿਰਫ਼ 50 ਮੀਟਰ ਦੇ ਕਰੀਬ ਰਹੀ, ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਇਹ ਇਸ ਤੋਂ ਵੀ ਘੱਟ ਸੀ। ਹਾਲਾਂਕਿ 11 ਵਜੇ ਤੋਂ ਬਾਅਦ ਧੁੱਪ ਨਿਕਲ ਆਈ ਤੇ ਠੰਢੀਆਂ ਹਵਾਵਾਂ ਤੋਂ ਕੁਝ ਹੱਦ ਤੱਕ ਰਾਹਤ ਮਿਲੀ। ਪਰ ਜਿਵੇਂ ਹੀ ਦਿਨ ਢਲਿਆ ਤਾਂ ਫਿਰ ਠੰਢੀਆਂ ਹਵਾਵਾਂ ਚੱਲਣ ਲੱਗੀਆਂ ਤੇ ਠੰਢ ਨਾਲ ਕੰਬਣੀ ਛਿੜ ਗਈ। ਇਸ ਕਾਰਨ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 14 ਜਨਵਰੀ ਤੱਕ ਅਜਿਹੇ ਹਾਲਾਤ ਬਣੇ ਰਹਿਣ ਦੀ ਚਿਤਾਵਨੀ ਦੇਂਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਧੁੰਦ ਦੇ ਨਾਲ-ਨਾਲ ਸ਼ੀਤ ਲਹਿਰ ਵੀ ਜਾਰੀ ਰਹੇਗੀ। ਹਾਲਾਂਕਿ ਵਿਚਾਲੇ ਧੁੱਪ ਵੀ ਨਿਕਲਦੀ ਰਹੇਗੀ। ਜੇ ਪਿਛਲੇ ਸਾਲਾਂ ਦੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ, ਜਦਕਿ 2023 ’ਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ ਸੀ। 2024 ’ਚ ਇਹ 5.2 ਡਿਗਰੀ ਤੇ 2025 ’ਚ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਘੱਟੋ-ਘੱਟ ਏਕਿਊਆਈ 71, ਵੱਧ ਤੋਂ ਵੱਧ ਏਕਿਊਆਈ 118 ਤੇ ਦਿਨ ਭਰ ਦੀ ਬਦਲਦੀ ਸਥਿਤੀ ਦੇ ਆਧਾਰ ’ਤੇ ਔਸਤ ਏਕਿਊਆਈ 91 ਦਰਜ ਕੀਤਾ ਗਿਆ।
ਡਾ. ਮੁਕੇਸ਼ ਵਾਲੀਆ ਕਹਿੰਦੇ ਹਨ ਕਿ ਧੁੰਦ ਤੇ ਵਧਦੀ ਠੰਢ ਕਾਰਨ ਦਮਾ, ਬ੍ਰੋਂਕਾਈਟਿਸ ਤੇ ਸੀਓਪੀਡੀ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ। ਸਾਹ ਘੱਟ ਆਉਣਾ, ਖਾਂਸੀ ਤੇ ਛਾਤੀ ’ਚ ਜਕੜਨ ਹੋ ਸਕਦੀ ਹੈ। ਧੁੰਦ ਦੌਰਾਨ ਸਵੇਰੇ ਤੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਵਧਦੀਆਂ ਹਨ। ਜੇ ਘਰ ਤੋਂ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਾ ਕੇ ਹੀ ਨਿਕਲੋ, ਖੁੱਲ੍ਹੇ ’ਚ ਕਸਰਤ ਨਾ ਕਰੋ ਤੇ ਸਿਗਰਟਨੋਸ਼ੀ ਤੋਂ ਬਚੋ। ਇਸ ਦੇ ਨਾਲ ਅੱਖਾਂ ’ਚ ਜਲਨ, ਪਾਣੀ ਆਉਣਾ ਤੇ ਗਲੇ ’ਚ ਖਰਾਸ਼ ਦੀਆਂ ਸ਼ਿਕਾਇਤਾਂ ਵੀ ਵਧਦੀਆਂ ਹਨ। ਬੱਚਿਆਂ ਤੇ ਬਜ਼ੁਰਗਾਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਉਹ ਜਲਦੀ ਬੀਮਾਰ ਪੈ ਜਾਂਦੇ ਹਨ। ਸਰਦੀ, ਜ਼ੁਕਾਮ, ਫਲੂ ਤੇ ਨਿਮੋਨੀਆ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਸਵੇਰੇ ਦਸ ਤੋਂ ਸ਼ਾਮ ਚਾਰ ਵਜੇ ਦਰਮਿਆਨ ਹੀ ਖੋਲ੍ਹੋ, ਪੂਰੀ ਨੀਂਦ ਲਓ ਤੇ ਤਣਾਅ ਘੱਟ ਰੱਖੋ।
ਖੇਤੀਬਾੜੀ ਦੇ ਡਾਇਰੈਕਟਰ (ਸੇਵਾਮੁਕਤ) ਨਰੇਸ਼ ਗੁਲਾਟੀ ਕਹਿੰਦੇ ਹਨ ਕਿ ਆਲੂ ਦੀ ਫਸਲ ਸਮੇਤ ਖੇਤੀ ਲਈ ਇਹ ਮੌਸਮ ਉਚਿਤ ਹੈ, ਕਿਉਂਕਿ ਇਸ ਨਾਲ ਖੇਤੀ ਦੀ ਜ਼ਮੀਨ ਤੇ ਫਸਲਾਂ ਨੂੰ ਨਮੀ ਮਿਲਦੀ ਰਹਿੰਦੀ ਹੈ।