ਠੰਢ ਕਾਰਨ 10 ਦਿਨਾਂ ’ਚ ਚਿਲਬਲੇਨ ਦੇ ਮਰੀਜ਼ ਤਿੰਨ ਗੁਣਾ ਵਧੇ
ਠੰਢ ਵਧੀ, ਦਸ ਦਿਨਾਂ ’ਚ ਚਿਲਬਲੇਨ ਦੇ ਮਰੀਜ਼ ਤਿੰਨ ਗੁਣਾ ਵਧੇ
Publish Date: Fri, 09 Jan 2026 11:07 PM (IST)
Updated Date: Fri, 09 Jan 2026 11:09 PM (IST)

ਫੋਟੋ : 41, 42 ਸਰਦੀਆਂ ਵਿਚ ਵਧਣ ਵਾਲਾ ਚਮੜੀ ਦਾ ਰੋਗ ਚਿਲਬਲੇਨ ਪੱਤਰ ਪ੍ਰੇਰਕ, ਜਾਗਰਣ, ਜਲੰਧਰ-ਮੌਸਮ ਵਿਚ ਤਾਪਮਾਨ ਘਟਣ ਨਾਲ ਹੀ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵਧਣ ਲੱਗ ਪਿਆ ਹੈ। ਇਨ੍ਹਾਂ ਵਿਚੋਂ ਇੱਕ ਪ੍ਰਮੁੱਖ ਰੋਗ ਹੈ ਚਿਲਬਲੇਨ, ਜਿਸ ਨੂੰ ਠੰਢ ਕਾਰਨ ਹੋਣ ਵਾਲੀ ਚਮੜੀ ਦੀ ਸੋਜ ਕਿਹਾ ਜਾਂਦਾ ਹੈ। ਇਹ ਬਿਮਾਰੀ ਖ਼ਾਸ ਤੌਰ ’ਤੇ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ, ਅੱਡੀਆਂ, ਕੰਨਾਂ ਅਤੇ ਨੱਕ ’ਤੇ ਵੱਧ ਨਜ਼ਰ ਆਉਂਦੀ ਹੈ। ਠੰਢ ਕਾਰਨ ਖੂਨ ਦੀ ਗਤੀ ਪ੍ਰਭਾਵਿਤ ਹੋਣ ਨਾਲ ਚਮੜੀ ’ਤੇ ਲਾਲੀ, ਸੋਜ, ਜਲਨ ਅਤੇ ਖੁਰਕ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਮਰੀਜ਼ਾਂ ਵਿਚ ਚਮੜੀ ਫਟਣ ਜਾਂ ਛਾਲੇ ਪੈਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ। ਪਿਛਲੇ 10 ਦਿਨਾਂ ਦੌਰਾਨ ਤਾਪਮਾਨ ਵਿਚ ਆਈ ਤੇਜ਼ ਗਿਰਾਵਟ ਅਤੇ ਵਧੀ ਠੰਢ ਕਾਰਨ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਚਿਲਬਲੇਨ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਤੱਕ ਵਧ ਗਈ ਹੈ। ਸਿਵਲ ਹਸਪਤਾਲ ਦੇ ਚਮੜੀ ਰੋਗ ਵਿਭਾਗ ਦੇ ਡਾ. ਤੇਜਸਵਨੀ ਕੁਮਾਰ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਵਿਚ ਠੰਢ ਕਾਫ਼ੀ ਵਧੀ ਹੈ, ਜਿਸ ਕਾਰਨ ਚਿਲਬਲੇਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਪਹਿਲਾਂ ਸਿਵਲ ਹਸਪਤਾਲ ਦੀ ਓਪੀਡੀ ਵਿੱਚ ਰੋਜ਼ਾਨਾ 15 ਤੋਂ 20 ਮਰੀਜ਼ ਆਉਂਦੇ ਸਨ ਪਰ ਹੁਣ ਇਹ ਗਿਣਤੀ ਵਧ ਕੇ 55 ਤੋਂ 60 ਤੱਕ ਪਹੁੰਚ ਗਈ ਹੈ। ਚਿਲਬਲੇਨ ਸਿੱਧੇ ਤੌਰ ’ਤੇ ਠੰਢ ਅਤੇ ਨਮੀ ਨਾਲ ਜੁੜਿਆ ਰੋਗ ਹੈ। ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਗਤੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਵਿੱਚ ਇਸ ਦਾ ਖ਼ਤਰਾ ਵੱਧ ਰਹਿੰਦਾ ਹੈ। ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਵਿੱਚ ਇਹ ਸਮੱਸਿਆ ਵੱਧ ਦੇਖੀ ਜਾਂਦੀ ਹੈ। ਉੱਥੇ ਹੀ ਚਮੜੀ ਰੋਗਾਂ ਦੀ ਮਾਹਰ ਡਾ. ਬਰੀਨਾ ਪਾਲ ਨੇ ਕਿਹਾ ਕਿ ਚਿਲਬਲੇਨ ਭਾਵੇਂ ਜਾਨਲੇਵਾ ਰੋਗ ਨਹੀਂ ਹੈ, ਪਰ ਸਮੇਂ ਸਿਰ ਇਲਾਜ ਨਾ ਹੋਣ ’ਤੇ ਇਹ ਗੰਭੀਰ ਰੂਪ ਧਾਰ ਸਕਦਾ ਹੈ। ਸਰਦੀਆਂ ਵਿੱਚ ਥੋੜ੍ਹੀ ਸਾਵਧਾਨੀ ਅਤੇ ਜਾਗਰੂਕਤਾ ਅਪਣਾ ਕੇ ਇਸ ਰੋਗ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। --- ਇਸ ਤਰ੍ਹਾਂ ਕਰੋ ਬਚਾਅ ਠੰਢ ਵਿਚ ਹੱਥ ਤੇ ਪੈਰ ਹਮੇਸ਼ਾ ਢੱਕ ਕੇ ਰੱਖੋ। ਗਿੱਲੇ ਕੱਪੜੇ ਜਾਂ ਜੁਰਾਬਾਂ ਤੁਰੰਤ ਬਦਲੋ। ਅਚਾਨਕ ਬਹੁਤ ਜ਼ਿਆਦਾ ਠੰਢ ਜਾਂ ਗਰਮੀ ਦੇ ਸੰਪਰਕ ਵਿਚ ਨਾ ਆਓ। ਚਮੜੀ ਨੂੰ ਨਮੀਦਾਰ ਰੱਖਣ ਲਈ ਮਾਇਸ਼ਚਰਾਈਜ਼ਰ ਵਰਤੋਂ। ਲੱਛਣ ਦਿਖਾਈ ਦੇਂਦੇ ਹੀ ਡਾਕਟਰ ਨਾਲ ਸਲਾਹ ਕਰੋ। --- ਸਿਵਲ ਹਸਪਤਾਲ ਵਿਚ ਜਾਂਚ ਕਰਵਾਉਣ ਆਈ 28 ਸਾਲਾ ਰੀਨਾ, ਜੋ ਨਿੱਜੀ ਕੰਪਨੀ ਵਿਚ ਕੰਮ ਕਰਦੀ ਹੈ, ਨੇ ਦੱਸਿਆ ਕਿ ਸਰਦੀਆਂ ਦੇ ਸ਼ੁਰੂਆਤੀ ਦਿਨਾਂ ਵਿਚ ਉਸ ਨੂੰ ਪੈਰਾਂ ਦੀਆਂ ਉਂਗਲੀਆਂ ਵਿਚ ਹਲਕੀ ਖੁਜਲੀ ਅਤੇ ਜਲਨ ਮਹਿਸੂਸ ਹੋਈ। ਕੁਝ ਦਿਨਾਂ ਵਿਚ ਹੀ ਉਂਗਲੀਆਂ ਲਾਲ ਹੋ ਗਈਆਂ ਅਤੇ ਸੋਜ ਵਧਣ ਲੱਗ ਪਈ। ਸ਼ੁਰੂ ਵਿੱਚ ਉਸ ਨੇ ਇਸ ਨੂੰ ਆਮ ਠੰਢ ਦਾ ਅਸਰ ਸਮਝ ਕੇ ਅਣਦੇਖਾ ਕਰ ਦਿੱਤਾ ਪਰ ਸਮੱਸਿਆ ਵਧਣ ਨਾਲ ਚਿੰਤਾ ਹੋਣ ਲੱਗ ਪਈ। ਇਹ ਲੱਛਣ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਏ ਸਨ। ਜਾਂਚ ਦੌਰਾਨ ਡਾਕਟਰਾਂ ਨੇ ਇਸ ਨੂੰ ਚਿਲਬਲੇਨ ਦੱਸਿਆ। ਡਾਕਟਰਾਂ ਮੁਤਾਬਕ ਲੰਮੇ ਸਮੇਂ ਤੱਕ ਠੰਡੇ ਫਰਸ਼ ’ਤੇ ਨੰਗੇ ਪੈਰ ਚੱਲਣਾ ਅਤੇ ਪੂਰੇ ਗਰਮ ਕੱਪੜੇ ਨਾ ਪਹਿਨਣਾ ਇਸ ਦੀ ਮੁੱਖ ਵਜ੍ਹਾ ਸੀ। ਸਮੇਂ ਸਿਰ ਇਲਾਜ ਨਾਲ ਉਸ ਨੂੰ ਰਾਹਤ ਮਿਲੀ। ਉੱਥੇ ਹੀ ਨਿੱਜੀ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਦੁਕਾਨਦਾਰ ਸੁਰੇਸ਼ ਕੁਮਾਰ (45) ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਠੰਢ ਵਿਚ ਦੁਕਾਨ ਖੋਲ੍ਹਦਾ ਹੈ। ਉਸ ਦੇ ਹੱਥਾਂ ਦੀਆਂ ਉਂਗਲੀਆਂ ਵਿਚ ਸੋਜ, ਦਰਦ ਅਤੇ ਨੀਲੇ-ਲਾਲ ਧੱਬੇ ਦਿਖਾਈ ਦੇਣ ਲੱਗ ਪਏ। ਕੁਝ ਦਿਨਾਂ ਬਾਅਦ ਚਮੜੀ ਫਟਣ ਲੱਗੀ ਅਤੇ ਖੂਨ ਵੀ ਨਿਕਲਣ ਲੱਗ ਪਿਆ। ਰੋਜ਼ਾਨਾ ਕੰਮਕਾਜ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਪਹਿਲਾਂ ਉਸ ਨੂੰ ਡਰ ਸੀ ਕਿ ਕਿਤੇ ਕੋਈ ਛੂਤ ਦਾ ਚਮੜੀ ਰੋਗ ਨਾ ਹੋਵੇ ਪਰ ਡਾਕਟਰ ਕੋਲ ਜਾਂਚ ਕਰਵਾਉਣ ’ਤੇ ਪਤਾ ਲੱਗਿਆ ਕਿ ਉਸ ਨੂੰ ਚਿਲਬਲੇਨ ਦੀ ਸਮੱਸਿਆ ਹੈ। ਡਾਕਟਰਾਂ ਨੇ ਦੱਸਿਆ ਕਿ ਪਹਿਲਾਂ ਤੋਂ ਮੌਜੂਦ ਹਲਕੀ ਖੂਨ ਸੰਚਾਰ ਸਬੰਧੀ ਸਮੱਸਿਆ ਠੰਢ ਵਿਚ ਵਧ ਗਈ ਅਤੇ ਚਿਲਬਲੇਨ ਦਾ ਰੂਪ ਧਾਰ ਗਈ। ਇਲਾਜ ਦੇ ਨਾਲ ਉਸ ਨੂੰ ਸਰਦੀਆਂ ਵਿਚ ਦਸਤਾਨੇ ਪਹਿਨਣ ਅਤੇ ਹੱਥਾਂ ਨੂੰ ਗਰਮ ਰੱਖਣ ਦੀ ਸਲਾਹ ਦਿੱਤੀ ਗਈ।