ਮ੍ਰਿਤਕ ਮਨਦੀਪ ਦੇ ਪਰਿਵਾਰਕ ਮੈਂਬਰਾਂ ਦੇ ਹੱਕ 'ਚ ਬਸਪਾ ਨੇ ਕੱਢਿਆ ਰੋਸ ਮਾਰਚ
ਮਾਮਲਾ ਰੂਸ - ਯੁਕਰੇਨ ਜੰਗ ਦਾ ਸ਼ਿਕਾਰ ਹੋਏ ਮਨਦੀਪ ਦਾ
Publish Date: Mon, 12 Jan 2026 08:49 PM (IST)
Updated Date: Mon, 12 Jan 2026 08:51 PM (IST)

-ਮਾਮਲਾ ਰੂਸ-ਯੁਕਰੇਨ ਜੰਗ ਦਾ ਸ਼ਿਕਾਰ ਹੋਏ ਨੌਜਵਾਨ ਮਨਦੀਪ ਦਾ ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਰੂਸ-ਯੂਕਰੇਨ ਜੰਗ ਦਾ ਸ਼ਿਕਾਰ ਹੋਏ ਮਨਦੀਪ ਕੁਮਾਰ ਦੀ ਲਾਸ਼ ਦਾ ਕਈ ਦਿਨਾਂ ਬਾਅਦ ਵੀ ਉਸਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪਰਿਵਾਰ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਸੀ, ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਪਰਿਵਾਰ ਦੀਆਂ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪਰਿਵਾਰ ਦਾ ਸਮਰਥਨ ਕਰਦੇ ਹੋਏ ਬਸਪਾ ਨੇ ਸੋਮਵਾਰ ਨੂੰ ਗੁਰਾਇਆ ਸ਼ਹਿਰ ’ਚ ਇਕ ਰੋਸੀ ਰੈਲੀ ਕੱਢੀ। ਭਾਵੇਂ ਇਸ ਰੋਸੀ ਰੈਲੀ ਬਾਰੇ ਬਸਪਾ ਤੇ ਪਰਿਵਾਰ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਮਨਦੀਪ ਕੁਮਾਰ ਦੀ ਲਾਸ਼ ਨੂੰ ਲੈ ਕੇ ਰੋਸ ਰੈਲੀ ਕੱਢੀ ਜਾਵੇਗੀ ਪਰ ਮ੍ਰਿਤਕ ਮਨਦੀਪ ਕੁਮਾਰ ਦੀ ਲਾਸ਼ ਰੱਖਣ ਵਾਲੇ ਮੁਰਦਾਘਰ ’ਚ ਸਵੇਰ ਤੋਂ ਹੀ ਪੁਲਿਸ ਫੋਰਸ ਤਾਇਨਾਤ ਸੀ ਤਾਂ ਜੋ ਪਰਿਵਾਰ ਲਾਸ਼ ਨੂੰ ਸੜਕਾਂ ਤੇ ਨਾ ਲਿਜਾ ਸਕੇ। ਵੱਡੀ ਗਿਣਤੀ ’ਚ ਬਸਪਾ ਵਰਕਰ ਮ੍ਰਿਤਕ ਮਨਦੀਪ ਕੁਮਾਰ ਦੇ ਘਰ ਇਕੱਠੇ ਹੋਏ, ਮ੍ਰਿਤਕ ਮਨਦੀਪ ਕੁਮਾਰ ਦੇ ਭਰਾ ਜਗਦੀਪ ਪ੍ਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਗੁਰਾਇਆ ਕਸਬੇ ’ਚ ਰੋਸੀ ਰੈਲੀ ਕੱਢੀ ਜਿਸ ’ਚ ਕੇਂਦਰ ਤੇ ਪੰਜਾਬ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਬਸਪਾ ਬੁਲਾਰਿਆਂ ਨੇ ਕਿਹਾ ਕਿ ਮ੍ਰਿਤਕ ਮਨਦੀਪ ਕੁਮਾਰ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸਦੇ ਪਰਿਵਾਰ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਤੇ ਮ੍ਰਿਤਕ ਮਨਦੀਪ ਕੁਮਾਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ, ਜਿਹੜੇ ਏਜੰਟ ਮਨਦੀਪ ਕੁਮਾਰ ਤੇ ਉਸ ਵਰਗੇ ਹੋਰ ਭਾਰਤੀਆਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਜੰਗ ’ਚ ਜਾਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ ਸਖ਼ਤ ’ਤੇ ਸਖ਼ਤ ਕਾਰਵਾਈ ਦਾ ਹੋਣੀ ਚਾਹੀਦੀ ਹੈ। ਇਸ ਦੌਰਾਨ ਬਸਪਾ ਦੇ ਏਰੀਆ ਪ੍ਰਧਾਨ ਸੁਖਵਿੰਦਰ ਬਿੱਟੂ, ਇੰਚਾਰਜ ਖੁਸ਼ੀ ਰਾਮ, ਜ਼ਿਲ੍ਹਾ ਉਪ ਪ੍ਰਧਾਨ ਜਤਿੰਦਰ ਹੈਪੀ, ਸੁਸ਼ੀਲ ਵਿਰਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬਸਪਾ ਪੰਜਾਬ ਦੇ ਮੁਖੀ ਅਵਤਾਰ ਸਿੰਘ ਕਰੀਮਪੁਰੀ ਨੇ ਵੀ ਇਸ ਮਾਮਲੇ ਸਬੰਧੀ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟ ਕੀਤਾ ਹੈ ਤੇ ਸਾਰੀ ਬਸਪਾ ਲੀਡਰਸ਼ਿਪ ਪਰਿਵਾਰ ਦੇ ਨਾਲ ਹੈ ਤੇ ਪਰਿਵਾਰ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਦੇਸ਼ ਦੀਆਂ ਸਰਕਾਰਾਂ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਮ੍ਰਿਤਕ ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਲਗਭਗ 22 ਮਹੀਨਿਆਂ ਬਾਅਦ ਮਿਲੀ ਹੈ ਜਿਸ ’ਚ ਪਰਿਵਾਰ ਨੇ ਖੁਦ ਮਨਦੀਪ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਇਸ ’ਚ ਪਰਿਵਾਰ ਨੂੰ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ। ਮ੍ਰਿਤਕ ਦਾ ਭਰਾ ਜਗਦੀਪ ਕੁਮਾਰ ਆਪਣੇ ਭਰਾ ਮਨਦੀਪ ਕੁਮਾਰ ਦੀ ਭਾਲ ਲਈ ਕਈ ਵਾਰ ਰੂਸ ਗਿਆ ਸੀ ਪਰ ਰੂਸ ਦੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਉਸਦਾ ਸਾਥ ਨਹੀਂ ਦਿੱਤਾ। ਪਰਿਵਾਰ ਵੱਲੋਂ ਦਿੱਤਾ ਗਿਆ ਡੀਐੱਨਏ ਵੀ ਨਹੀਂ ਪਹੁੰਚਾਇਆ ਗਿਆ ਤਾਂ ਜੋ ਉੱਥੇ ਲਾਪਤਾ ਮਨਦੀਪ ਕੁਮਾਰ ਦੀ ਲਾਸ਼ ਦੀ ਪਛਾਣ ਕੀਤੀ ਜਾ ਸਕੇ। ਬਹੁਤ ਮੁਸ਼ਕਲ ਨਾਲ ਪਰਿਵਾਰ ਨੇ ਉੱਥੇ ਸੰਪਰਕ ਕੀਤਾ ਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ, ਮਨਦੀਪ ਦੀ ਲਾਸ਼ ਭਾਰਤ ਵਾਪਸ ਲਿਆਂਦੀ ਗਈ। ਸਰਕਾਰੀ ਪ੍ਰਤੀਨਿਧੀ ਪਰਿਵਾਰ ਨੂੰ ਮਿਲਣ ਆ ਰਹੇ ਹਨ ਪਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਏਜੰਟਾਂ ਨੇ ਉਸਨੂੰ ਰੂਸ ਭੇਜਿਆ ਤਾਂ ਮਨਦੀਪ ਕੁਮਾਰ ਨੇ ਰੂਸ ਤੋਂ ਪਰਿਵਾਰ ਨੂੰ ਫ਼ੋਨ ਕੀਤਾ ਤੇ ਉੱਥੋਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਭਰਾ ਜਗਦੀਪ ਕੁਮਾਰ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਪੱਤਰ ਦਿੱਤੇ ਵੀ ਗਏ ਸੀ। ਇਸ ਮੌਕੇ ਜਗਦੀਪ ਨੇ ਕਿਹਾ ਕਿ ਜੇਕਰ ਉਸ ਸਮੇਂ ਸਥਿਤੀ ਨੂੰ ਸੰਭਾਲਿਆ ਜਾਂਦਾ ਤਾਂ ਮਨਦੀਪ ਕੁਮਾਰ ਅੱਜ ਸਾਡੇ ਚ ਜ਼ਿੰਦਾ ਹੁੰਦਾ। ਇਸ ਮੌਕੇ ਅਸ਼ੋਕ ਰੱਤੂ, ਗੁਰਪ੍ਰੀਤ ਗੋਪੀ, ਦਯਾ ਸ਼ੰਕਰ ਸ਼ਾਹਿਰੀ ਪ੍ਰਧਾਨ, ਤੀਰਥ ਰਾਜਪੁਰਾ, ਅਨੂਪ ਨਵਾਂਪਿੰਡ, ਮਨਜੀਤ ਜੀਤਾ ਜ਼ਿਲ੍ਹਾ ਪ੍ਰੀਸ਼ਦ ਮੈਵਾੜ, ਮੱਖਣ ਫਲਪੋਤਾ, ਕਮਲਜੀਤ ਮਹਿੰਮੀ ਬਲਾਕ ਸੰਮਤੀ ਮੈਨਵਾਰ, ਅਨੀਤਾ ਅੱਟੀ ਬਲਾਕ ਸੰਮਤੀ ਮੈਨਵਾਰ, ਕੁਲਵੰਤ ਤੱਖਰ, ਅਸ਼ੋਕ ਰੱਤੂਪਿੰਡ, ਗੁਰਪ੍ਰੀਤ ਗੋਪੀ ਹਾਜ਼ਰ ਸਨ।