ਲੱਖਾਂ ਦੀ ਚੋਰੀ ਦੇ ਮਾਮਲੇ ’ਚ ਸਕਿਊਰਿਟੀ ਗਾਰਡ ਸ਼ੱਕੀ
(ਮਾਮਲਾ ਆਈਕੋਨਿਕ ਸ਼ੋਰੂਮ ਤੇ ਹੋਈ ਲੱਖਾਂ ਦੀ ਚੋਰੀ ਦਾ)
Publish Date: Thu, 29 Jan 2026 09:26 PM (IST)
Updated Date: Thu, 29 Jan 2026 09:28 PM (IST)

--ਮੈਨੇਜਰ ਦੇ ਬਿਆਨਾਂ ’ਤੇ ਸੁਰੱਖਿਆ ਮੁਲਾਜ਼ਮ ਖਿਲਾਫ ਮਾਮਲਾ ਦਰਜ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀਂ ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਸਮਰਾ ਚੌਕ ਲਾਗੇ ਸਥਿਤ ਮਾਲ ’ਚ ਪੈਂਦੇ ਆਈਕੋਨਿਕ ਸ਼ੋਅਰੂਮ ’ਚ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ ’ਚ ਸ਼ੱਕ ਦੀ ਸੂਈ ਭੱਜੇ ਸਕਿਊਰਿਟੀ ਗਾਰਡ ’ਤੇ ਟਿਕੀ ਹੋਈ ਹੈ। ਆਈਕੋਨਿਕ ਸ਼ੋਅਰੂਮ ਦੇ ਮੈਨੇਜਰ ਦੇ ਬਿਆਨਾਂ ’ਤੇ ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਆਈਕੋਨਿਕ ਸ਼ੋਰੂਮ ਦੇ ਤਾਲੇ ਤੋੜ ਕੇ ਲਾਕਰ ’ਚੋਂ ਤਕਰੀਬਨ ਸਾਢੇ 11 ਲੱਖ ਰੁਪਏ ਚੋਰੀ ਹੋ ਗਏ ਸਨ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਛੇ ਦੇ ਮੁਖੀ ਇੰਸਪੈਕਟਰ ਬਲਵਿੰਦਰ ਕੁਮਾਰ ਵੱਲੋਂ ਸੀਸੀਟੀਵੀ ਫੁਟੇਜ ਸਮੇਤ ਸਾਰੇ ਸ਼ੋਰੂਮ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਥਾਣਾ ਮੁਖੀ ਵੱਲੋਂ ਸ਼ੋਅਰੂਮ ਦੇ ਮੈਨੇਜਰ ਕੋਲੋਂ ਨੌਕਰੀ ਛੱਡ ਕੇ ਗਏ ਤੇ ਹੋਰ ਸ਼ੱਕੀਆਂ ਬਾਰੇ ਵੀ ਡੁੰਘਾਈ ਨਾਲ ਪੁੱਛਗਿਛ ਕੀਤੀ ਗਈ ਸੀ। ਮੈਨੇਜਰ ਵੱਲੋਂ ਸ਼ੱਕ ਜਤਾਇਆ ਗਿਆ ਸੀ ਕਿ ਇਹ ਚੋਰੀ ਸੁਖਜੀਤ ਸਿੰਘ ਵਾਸੀ ਪਿੰਡ ਜੌਹਲਾਂ ਜੋ ਕਿ ਸਕਿਊਰਿਟੀ ਗਾਰਡ ਹੈ, ਨੇ ਕੀਤੀ ਹੈ ਕਿਉਂਕਿ ਸੁਖਜੀਤ ਸਿੰਘ ਗਾਇਬ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਆਈਕੋਨਿਕ ਦੇ ਮੈਨੇਜਰ ਮਨੋਜ ਕੁਮਾਰ ਵਾਸੀ ਪ੍ਰੇਮ ਨਗਰ ਦੇ ਬਿਆਨਾਂ ’ਤੇ ਸਕਿਊਰਟੀ ਗਾਰਡ ਸੁਖਜੀਤ ਸਿੰਘ ਖਿਲਾਫ ਧਾਰਾ 305 3(4)3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪਰਚਾ ਮੈਨੇਜਰ ਦੇ ਸ਼ੱਕ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ। ਬਾਕੀ ਸਾਰੀ ਸੱਚਾਈ ਸੁਖਜੀਤ ਸਿੰਘ ਦੇ ਕਾਬੂ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ। ਫਿਲਹਾਲ ਪੁਲਿਸ ਉਸ ਦੀ ਤਲਾਸ਼ ’ਚ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਮੀਦ ਹੈ ਕਿ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।