ਕੈਬਨਿਟ ਮੰਤਰੀ ਵੱਲੋਂ ਵਾਰਡ-41 ’ਚ ਵਿਕਾਸ ਕੰਮਾਂ ਦਾ ਆਰੰਭ
ਕੈਬਨਿਟ ਮੰਤਰੀ ਵੱਲੋਂ ਵਾਰਡ 41 ’ਚ 9.16 ਲੱਖ ਦੇ ਵਿਕਾਸ ਕਾਰਜਾਂ ਦਾ ਆਰੰਭ
Publish Date: Fri, 23 Jan 2026 09:24 PM (IST)
Updated Date: Fri, 23 Jan 2026 09:27 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 41 ਦੀ ਜੱਲੋਵਾਲ ਆਬਾਦੀ ਤੋਂ ਲੈ ਕੇ ਕੇਪੀ ਨਗਰ ਦੀਆਂ ਵੱਖ-ਵੱਖ ਗਲੀਆਂ ਦੇ ਨਿਰਮਾਣ ਕੰਮ ਦਾ ਸ਼ੁਭ ਆਰੰਭ 9.16 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ। ਇਸ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਕੀਤਾ ਗਿਆ। ਲੰਬੇ ਸਮੇਂ ਤੋਂ ਇਲਾਕੇ ਦੀਆਂ ਗਲੀਆਂ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਜਲੰਧਰ ਵੱਲੋਂ ਇਹ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਲਗਪਗ 15 ਸਾਲਾਂ ਬਾਅਦ ਜੱਲੋਵਾਲ ਆਬਾਦੀ ਦੀ ਮੁੱਖ ਸੜਕ ਤੋਂ ਲੈ ਕੇ ਕੇਪੀ ਨਗਰ ਦੀਆਂ ਗਲੀਆਂ ਦਾ ਨਿਰਮਾਣ ਕੰਮ ਸ਼ੁਰੂ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਦਾ ਮਕਸਦ ਹੈ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕੰਮਾਂ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਆਮ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲ ਸਕਣ। ਭਗਤ ਨੇ ਕਿਹਾ, ‘ਜੱਲੋਵਾਲ ਆਬਾਦੀ ਤੋਂ ਲੈ ਕੇ ਕੇਪੀ ਨਗਰ ਦੀਆਂ ਗਲੀਆਂ ਦੀ ਸਮੱਸਿਆ ਲੰਮੇ ਸਮੇਂ ਤੋਂ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਸੀ। ਹੁਣ ਇਨ੍ਹਾਂ ਗਲੀਆਂ ਦੇ ਨਿਰਮਾਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਆਉਣ ਵਾਲੇ ਸਮੇਂ ’ਚ ਵੀ ਵਾਰਡ ਦੇ ਹੋਰ ਜ਼ਰੂਰੀ ਕੰਮ ਤਰਜੀਹ ਦੇ ਅਧਾਰ ‘ਤੇ ਪੂਰੇ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।’
ਵਾਰਡ ਨੰਬਰ 41 ਦੀ ਕੌਂਸਲਰ ਸ਼ਬਨਮ ਦੁੱਗਲ ਨੇ ਕਿਹਾ ਕਿ ਇਸ ਕੰਮ ਦੇ ਪੂਰਾ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਗਲੀਆਂ ਦੇ ਨਿਰਮਾਣ ਨਾਲ ਆਵਾਜਾਈ ਸੁਖਾਲੀ ਹੋਵੇਗੀ, ਪਾਣੀ ਖੜ੍ਹਨ ਦੀ ਸਮੱਸਿਆ ’ਚ ਕਮੀ ਆਵੇਗੀ ਤੇ ਮੁਹੱਲੇ ਦੀ ਸਫ਼ਾਈ ਅਤੇ ਸੁੰਦਰਤਾ ਵਿੱਚ ਵੀ ਸੁਧਾਰ ਹੋਵੇਗਾ। ਇਲਾਕਾ ਨਿਵਾਸੀਆਂ ਨੇ ਵਿਕਾਸ ਕੰਮ ਸ਼ੁਰੂ ਕਰਵਾਇਆ ਹੈ। ਇਸ ਮੌਕੇ ਕੌਂਸਲਰ ਦੇ ਪਤੀ ਅਯੂਬ ਦੁੱਗਲ, ਅਜੈ ਦੁੱਗਲ, ਆਜ਼ਾਦ ਖਾਨ, ਵਾਰਡ ਸਕੱਤਰ ਗੁਲਜ਼ਾਰੀ ਲਾਲ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਰਹੇ।