ਨੌਜਵਾਨ ਨੂੰ ਗੋਲ਼ੀ ਮਾਰ ਕੇ ਕੀਤਾ ਜ਼ਖ਼ਮੀ
ਝਗੜਾ ਹਿੰਸਕ ਰੂਪ ਧਾਰਨ ਕਰ ਗਿਆ
Publish Date: Wed, 28 Jan 2026 08:30 PM (IST)
Updated Date: Wed, 28 Jan 2026 08:31 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੂਟਾਂ ਮੰਡੀ ਇਲਾਕੇ ’ਚ ਇਕ ਵਾਰ ਫਿਰ ਰੰਜਿਸ਼ਨ ਦੇਰ ਸ਼ਾਮ ਹੋਈ ਝਗੜੇ ਦੌਰਾਨ ਕੁਝ ਨੌਜਵਾਨਾਂ ਨੇ ਇਕ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਬਾਰੇ ਜ਼ਖਮੀ ਵਿਅਕਤੀ ਦੇ ਭਰਾ ਸਲੀਮ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਕ ਖੇਡ ਦੌਰਾਨ ਪਰਿਵਾਰ ਦੇ ਬੱਚਿਆਂ ਵਿਚਾਲੇ ਝਗੜਾ ਹੋਇਆ ਸੀ, ਜਿਸ ਨੂੰ ਬਾਅਦ ’ਚ ਆਪਸੀ ਸਮਝੌਤੇ ਨਾਲ ਹੱਲ ਕਰ ਲਿਆ ਗਿਆ। ਉਸ ਸਮੇਂ ਦੂਜੀ ਧਿਰ ਨੇ ਮਾਫ਼ੀ ਮੰਗੀ ਤੇ ਮਾਮਲਾ ਸੁਲਝਾ ਲਿਆ। ਹਾਲਾਂਕਿ, ਅੱਜ ਉਹੀ ਝਗੜਾ ਅਚਾਨਕ ਮੁੜ ਉੱਭਰ ਆਇਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਨਾਹਰ, ਸਾਹਿਲ ਤੇ ਉਨ੍ਹਾਂ ਦੇ ਚਾਰ ਸਾਥੀਆਂ ਨੇ ਨੌਜਵਾਨ ਨੂੰ ਉਨ੍ਹਾਂ ਦੇ ਘਰ ਨੇੜੇ ਘੇਰ ਲਿਆ ਤੇ ਉਸ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਹਮਲੇ ਤੋਂ ਬਚ ਗਿਆ ਤੇ ਆਪਣੇ ਭਰਾ ਨੂੰ ਘਟਨਾ ਬਾਰੇ ਦੱਸ ਰਿਹਾ ਸੀ ਜਦੋਂ ਹਮਲਾਵਰ ਪੁੱਜੇ ਤੇ ਦੇਸੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਨੌਜਵਾਨ ਨੂੰ ਗੋਲੀ ਲੱਗ ਗਈ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਜ਼ਖਮੀ ਦੀ ਮਾਂ ਨੇ ਦੱਸਿਆ ਕਿ ਗਰਮੀਆਂ ’ਚ ਪੁੱਤਰ ’ਤੇ ਵੀ ਹਮਲਾ ਹੋਇਆ ਸੀ ਪਰ ਉਸ ਸਮੇਂ ਸਮਝੌਤਾ ਹੋ ਗਿਆ ਸੀ। ਇਸ ਦੇ ਬਾਵਜੂਦ ਅੱਜ ਹਮਲਾ ਦੁਹਰਾਇਆ ਗਿਆ, ਜਿਸ ਨਾਲ ਪਰਿਵਾਰ ਘਬਰਾਹਟ ਵਿੱਚ ਹੈ। ਗੋਲ਼ੀਬਾਰੀ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ’ਤੇ ਪਹੁੰਚੀ ਇਲਾਕੇ ਨੂੰ ਘੇਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਤੋਂ ਇਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।