ਗਲਤੀ ਨਾਲ ਖਾਤੇ ’ਚ ਆਈ 5 ਲੱਖ ਦੀ ਰਕਮ ਕੀਤੀ ਵਾਪਸ
ਗਲਤੀ ਨਾਲ ਖਾਤੇ ’ਚ ਆਈ 5 ਲੱਖ ਦੀ ਰਕਮ ਕੀਤੀ ਵਾਪਸ
Publish Date: Fri, 28 Nov 2025 08:22 PM (IST)
Updated Date: Fri, 28 Nov 2025 08:23 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆ ਕਲਾਂ : ਗਲਤੀ ਨਾਲ ਬੈਂਕ ਖਾਤੇ ’ਚ ਆਈ 5 ਲੱਖ ਰੁਪਏ ਦੀ ਰਕਮ ਅਸਲੀ ਖਾਤਾਧਾਰਕ ਨੂੰ ਵਾਪਸ ਕਰਕੇ ਅਰਜਨ ਸਿੰਘ ਹੁੰਦਲ ਵਾਸੀ ਪਿੰਡ ਤਲਵੰਡੀ ਭਰੋ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਅਰਜਨ ਸਿੰਘ ਹੁੰਦਲ ਨੇ ਦੱਸਿਆ ਕਿ ਬੀਤੀ 6 ਨਵੰਬਰ ਨੂੰ ਬਲਾਚੌਰ ਦੀ ਇਕ ਬੈਂਕ ਤੋਂ ਗਲਤੀ ਨਾਲ ਕੈਪੀਟਲ ਬੈਂਕ ਉਗੀ ਵਿਚਲੇ ਉਨ੍ਹਾਂ ਦੇ ਬੈਂਕ ਖਾਤੇ ’ਚ 5 ਲੱਖ ਦੀ ਰਕਮ ਆ ਗਈ। ਮੈਸੇਜ ਆਉਣ ਉਪਰੰਤ ਬੈਂਕ ਨਾਲ ਰਾਬਤਾ ਕੀਤਾ। ਇਸ ਉਪਰੰਤ ਬਲਾਚੌਰ ਦੀ ਬੈਂਕ ਵੱਲੋਂ ਵੀ ਉੱਗੀ ਸਥਿਤ ਬੈਂਕ ਨੂੰ ਫੋਨ ਰਾਹੀਂ ਮੈਸੇਜ ਆਇਆ ਕਿ ਗਲਤੀ ਨਾਲ ਪੇਮੈਂਟ ਖਾਤੇ ਵਿਚ ਆ ਗਈ ਹੈ। ਆਮ ਆਦਮੀ ਪਾਰਟੀ ਦੇ ਉੱਘੇ ਆਗੂ ਤੇ ਬਲਾਕ ਪ੍ਰਧਾਨ ਅਰਜਨ ਸਿੰਘ ਹੁੰਦਲ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ 5 ਲੱਖ ਦਾ ਚੈੱਕ ਕੈਪੀਟਲ ਬੈਂਕ ਉੱਗੀ ਦੇ ਮੈਨੇਜਰ ਜਸਵੀਰ ਸਿੰਘ ਨੂੰ ਸੌਂਪ ਦਿੱਤਾ ਤੇ ਰਕਮ ਵਾਪਸ ਕਰ ਦਿੱਤੀ। ਅਰਜਨ ਸਿੰਘ ਹੁੰਦਲ ਵੱਲੋਂ ਦਿਖਾਈ ਗਈ ਇਸ ਇਮਾਨਦਾਰੀ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ। ਉਕਤ ਬੈਂਕ ਦੇ ਅਧਿਕਾਰੀਆਂ ਤੇ ਮਾਲਕ ਵੱਲੋਂ ਅਰਜਨ ਸਿੰਘ ਹੁੰਦਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ।