ਜਲੰਧਰ ਤੋਂ ਅੱਤਵਾਦੀ ਦਵਿੰਦਰ ਗ੍ਰਿਫ਼ਤਾਰ: ਚੰਡੀਗੜ੍ਹ ਭਾਜਪਾ ਦਫ਼ਤਰ ਤੇ ਬੀਐੱਸਐੱਫ ਹੈੱਡਕੁਆਰਟਰ 'ਤੇ ਹਮਲੇ ਦੀ ਸਾਜ਼ਿਸ਼ ਦਾ ਪਰਦਾਫਾਸ਼
ਉਸ ਨੂੰ ਤੈਅ ਲੋਕੇਸ਼ਨ ਤੋਂ ਚੁੱਕਣ ਤੋਂ ਲੈ ਕੇ ਅੱਗੇ ਸਪਲਾਈ ਕਰਨ ਲਈ ਵੱਖ-ਵੱਖ ਮਾਡਿਊਲ ਹਨ। ਕਿਸ ਨੂੰ ਡਿਲਿਵਰੀ ਦੇਣੀ ਹੈ ਤੇ ਕਿਵੇਂ ਪਹੁੰਚਾਉਣੀ ਹੈ, ਸਭ ਗੁਪਤ ਰਹਿੰਦਾ ਹੈ। ਦਵਿੰਦਰ ਨੂੰ ਵੀ ਧਮਾਕਾਖੇਜ਼ ਸਮੱਗਰੀ ਤੈਅ ਥਾਂ ’ਤੇ ਛੱਡਣ ਲਈ ਕਿਹਾ ਜਾਂਦਾ ਸੀ।
Publish Date: Fri, 08 May 2026 09:28 AM (IST)
Updated Date: Fri, 08 May 2026 09:30 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਮੰਗਲਵਾਰ ਰਾਤ ਨੂੰ ਹੋਏ ਧਮਾਕੇ ਦੀ ਜਾਂਚ ਦੌਰਾਨ ਪੁਲਿਸ ਨੇ ਜਮਸ਼ੇਰ ਇਲਾਕੇ ਤੋਂ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਤਵਾਦੀ ਦਵਿੰਦਰ ਸਿੰਘ ਨਿਵਾਸੀ ਬੰਗਾ, ਨਵਾਂਸ਼ਹਿਰ ਨੇ ਹੀ ਚੰਡੀਗੜ੍ਹ ਸਥਿਤ ਭਾਜਪਾ ਹੈੱਡਕੁਆਰਟਰ ਦੇ ਬਾਹਰ ਧਮਾਕੇ ਲਈ ਹੈਂਡ ਗ੍ਰਨੇਡ ਪਹੁੰਚਾਇਆ ਸੀ। ਉਹ ਅੱਤਵਾਦੀ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਤੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ (ਕੇਐੱਲਏ) ਲਈ ਗ੍ਰਨੇਡ ਤੇ ਆਈਈਡੀ ਪਹੁੰਚਾਉਣ ਲਈ ਕੁਰੀਅਰ ਦਾ ਕੰਮ ਕਰਦਾ ਸੀ। ਸ਼ੱਕ ਹੈ ਕਿ ਜਲੰਧਰ ਤੇ ਅੰਮ੍ਰਿਤਸਰ ’ਚ ਧਮਾਕੇ ਲਈ ਉਸ ਨੇ ਹੀ ਆਈਈਡੀ ਪਹੁੰਚਾਈ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਸੀਸੀਟੀਵੀ ਫੁਟੇਜ ’ਚ ਡਸਟਬਿਨ ’ਚ ਆਈਈਡੀ ਰੱਖਣ ਵਾਲਾ ਅੱਤਵਾਦੀ ਨਜ਼ਰ ਆਇਆ ਹੈ। ਫਿਰ ਉਹ ਬੱਸ ਸਟੈਂਡ ਵੱਲ ਭੱਜ ਗਿਆ ਸੀ। ਸ਼ੱਕ ਹੈ ਕਿ ਉਹ ਬੱਸ ’ਚ ਬੈਠ ਕੇ ਜਲੰਧਰ ਤੋਂ ਨਿਕਲ ਗਿਆ। ਉਸ ਦੀ ਭਾਲ ’ਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਅੱਤਵਾਦੀ ਦਵਿੰਦਰ ਨੇ ਅੰਮ੍ਰਿਤਸਰ ’ਚ ਆਈਈਡੀ ਦੀ ਡਿਲਿਵਰੀ ਕੀਤੀ ਸੀ। ਉਥੋਂ ਦੂਜਾ ਵਿਅਕਤੀ ਜਲੰਧਰ ਲੈ ਕੇ ਆਇਆ। ਧਮਾਕੇ ਤੋਂ ਬਾਅਦ ਭੱਜਿਆ ਅੱਤਵਾਦੀ ਜਲੰਧਰ ਦਾ ਨਹੀਂ ਹੈ। ਪੁਲਿਸ ਦੇ ਹੱਥ ਜੋ ਵੀਡੀਓ ਲੱਗਾ ਹੈ, ਉਸ ’ਚ ਦਵਿੰਦਰ ਨਹੀਂ ਹੈ। ਪੁੱਛਗਿੱਛ ’ਚ ਦਵਿੰਦਰ ਨੇ ਮੰਨਿਆ ਕਿ ਉਹ ਕਈ ਅੱਤਵਾਦੀ ਵਾਰਦਾਤਾਂ ਲਈ ਗ੍ਰਨੇਡ ਤੇ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਕਰ ਚੁੱਕਾ ਹੈ। ਚੰਡੀਗੜ੍ਹ ਭਾਜਪਾ ਦਫ਼ਤਰ ’ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਤੇ ਫਗਵਾੜਾ ਧਮਾਕੇ ’ਚ ਵੀ ਉਸ ਦੀ ਭੂਮਿਕਾ ਰਹੀ ਹੈ।
ਡਿਲਿਵਰੀ ਦਾ ਪੈਟਰਨ ਗੁਪਤ :
ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਸਰਮਥਤ ਖ਼ਾਲਿਸਤਾਨੀ ਸੰਗਠਨਾਂ ਲਈ ਧਮਾਕਾਖੇਜ਼ ਸਮੱਗਰੀ ਸਰਹੱਦ ਪਾਰ ਤੋਂ ਡ੍ਰੋਨ ਰਾਹੀਂ ਭੇਜੀ ਜਾਂਦੀ ਹੈ। ਉਸ ਨੂੰ ਤੈਅ ਲੋਕੇਸ਼ਨ ਤੋਂ ਚੁੱਕਣ ਤੋਂ ਲੈ ਕੇ ਅੱਗੇ ਸਪਲਾਈ ਕਰਨ ਲਈ ਵੱਖ-ਵੱਖ ਮਾਡਿਊਲ ਹਨ। ਕਿਸ ਨੂੰ ਡਿਲਿਵਰੀ ਦੇਣੀ ਹੈ ਤੇ ਕਿਵੇਂ ਪਹੁੰਚਾਉਣੀ ਹੈ, ਸਭ ਗੁਪਤ ਰਹਿੰਦਾ ਹੈ। ਦਵਿੰਦਰ ਨੂੰ ਵੀ ਧਮਾਕਾਖੇਜ਼ ਸਮੱਗਰੀ ਤੈਅ ਥਾਂ ’ਤੇ ਛੱਡਣ ਲਈ ਕਿਹਾ ਜਾਂਦਾ ਸੀ।