ਟਿੱਪਰ ਨਾਲ ਟਕਰਾਉਣ ਮਗਰੋਂ ਬੇਕਾਬੂ ਕਾਰ ਦੂਜੀ ਕਾਰ ਨਾਲ ਟਕਰਾਈ, ਤਿੰਨ ਜ਼ਖ਼ਮੀ
ਪਠਾਨਕੋਟ ਨੈਸ਼ਨਲ ਹਾਈਵੇ ’ਤੇ ਭਿਆਨਕ ਹਾਦਸਾ
Publish Date: Sat, 27 Dec 2025 08:08 PM (IST)
Updated Date: Sat, 27 Dec 2025 08:10 PM (IST)

ਪਠਾਨਕੋਟ ਨੈਸ਼ਨਲ ਹਾਈਵੇ ’ਤੇ ਭਿਆਨਕ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਬਣੇ ਰੋਡ ਕੱਟ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਯੂ-ਟਰਨ ਲੈ ਰਹੇ ਟਿੱਪਰ ਨਾਲ ਇਕ ਕਾਰ ਦੀ ਟਕਰ ਹੋ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਦੂਜੀ ਸਾਈਡ ਤੋਂ ਆ ਰਹੀ ਹੋਰ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11:15 ਵਜੇ ਉਨ੍ਹਾਂ ਨੂੰ ਐੱਮਡੀਟੀ ਡਿਵਾਈਸ ਰਾਹੀਂ ਸੂਚਨਾ ਮਿਲੀ ਕਿ ਅੱਡਾ ਰਾਏਪੁਰ ਰਸੂਲਪੁਰ ਵਿਖੇ ਟਿੱਪਰ ਤੇ ਦੋ ਕਾਰਾਂ ਦਰਮਿਆਨ ਭਿਆਨਕ ਹਾਦਸਾ ਹੋਇਆ ਹੈ, ਜਿਸ ’ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਿਆ ਕਿ ਟਿੱਪਰ ਨੰਬਰ ਯੂਪੀ 17 ਏਟੀ 0825, ਜਿਸ ਨੂੰ ਮਥੁਰਾ ਦਾਸ ਪੁੱਤਰ ਬਿਲਸ ਪ੍ਰਸਾਦ ਵਾਸੀ ਜ਼ਿਲ੍ਹਾ ਅਲਵਰ (ਬਿਹਾਰ) ਚਲਾ ਰਿਹਾ ਸੀ, ਪਠਾਨਕੋਟ ਵੱਲੋਂ ਜਲੰਧਰ ਦੀ ਦਿਸ਼ਾ ਵੱਲ ਜਾ ਰਿਹਾ ਸੀ ਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਰੋਡ ਕੱਟ ਤੋਂ ਯੂ-ਟਰਨ ਲੈ ਰਿਹਾ ਸੀ। ਇਸੇ ਦੌਰਾਨ ਪਠਾਨਕੋਟ ਵੱਲੋਂ ਜਲੰਧਰ ਦੀ ਦਿਸ਼ਾ ਵੱਲ ਜਾ ਰਹੀ ਕਾਰ ਨੰਬਰ ਡੀਐੱਲ 3ਸੀ-ਡੀਸੀ-4867, ਜਿਸ ਨੂੰ ਰਿਹਾਨ ਖਾਨ ਪੁੱਤਰ ਇਸਮਾਈਲ ਖਾਨ ਵਾਸੀ ਸੰਗਮ ਬਿਹਾਰ, ਦਿੱਲੀ ਚਲਾ ਰਿਹਾ ਸੀ, ਟਿੱਪਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਦੂਜੀ ਸਾਈਡ ਜਲੰਧਰ ਵੱਲੋਂ ਆ ਰਹੀ ਕਾਰ ਨੰਬਰ ਯੂਪੀ-80-ਐੱਫਬੀ-6685 ਨਾਲ ਟਕਰਾ ਗਈ, ਜਿਸ ਨੂੰ ਅਮਿਤ ਦਾਨੀ ਪੁੱਤਰ ਐੱਮਪੀ ਦਾਨੀ ਵਾਸੀ ਆਗਰਾ ਚਲਾ ਰਿਹਾ ਸੀ। ਹਾਦਸੇ ਦੌਰਾਨ ਕਾਰ ਕਈ ਵਾਰ ਪਲਟੀਆਂ ਖਾਂਦੀ ਹੋਈ ਸੜਕ ’ਤੇ ਜਾ ਰੁਕੀ। ਇਸ ਹਾਦਸੇ ’ਚ ਐੱਮਪੀ ਦਾਨੀ ਪੁੱਤਰ ਪੀਪੀ ਦਾਨੀ, ਮੁਦਿਤਾ ਤੇ ਸੋਨੀਆ ਦਾਨੀ ਪਤਨੀ ਅਮਿਤ ਦਾਨੀ (ਤਿੰਨੇ ਵਾਸੀ ਆਗਰਾ) ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਤੁਰੰਤ ਫਸਟ ਏਡ ਦੇ ਕੇ ਨੇੜਲੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਵੱਲੋਂ ਥਾਣਾ ਮਕਸੂਦਾਂ ਨੂੰ ਸੂਚਨਾ ਦਿੱਤੀ ਗਈ, ਜਿਸ ਉਪਰੰਤ ਥਾਣਾ ਮਕਸੂਦਾ ਤੋਂ ਡਿਊਟੀ ਅਫਸਰ ਅੰਗਰੇਜ਼ ਸਿੰਘ ਮੌਕੇ ’ਤੇ ਪਹੁੰਚੇ ਤੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ।