ਨਗਰ ਕੀਰਤਨ ਤੋਂ ਪਹਿਲਾਂ ਪੋਸਟਰ ਪਾੜਨ ਕਾਰਨ ਤਣਾਅ
ਨਗਰ ਕੀਰਤਨ ਤੋਂ ਪਹਿਲਾਂ ਪੋਸਟਰ ਪਾੜਨ ਦੀ ਘਟਨਾ ਕਾਰਨ ਤਣਾਅ
Publish Date: Wed, 24 Dec 2025 10:57 PM (IST)
Updated Date: Wed, 24 Dec 2025 10:58 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਆਉਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਸ਼ਹਿਰ ’ਚ ਬੋਰਡਾਂ ਤੇ ਪੋਸਟਰਾਂ ਨੂੰ ਪਾੜਨ ਦੀਆਂ ਰਿਪੋਰਟਾਂ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਦਮੋਰੀਆ ਪੁਲ ਦੇ ਨੇੜੇ ਇਕ ਵਿਅਕਤੀ ਨੂੰ ਮੌਕੇ ਤੇ ਪੋਸਟਰ ਪਾੜਦੇ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੇ ਆਪਣੀ ਪਛਾਣ ਪ੍ਰਦੀਪ ਕੁਮਾਰ ਵਜੋਂ ਦੱਸੀ, ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ। ਉਸਨੇ ਦਾਅਵਾ ਕੀਤਾ ਕਿ ਸ਼ਾਮ ਆਰਟ ਨਾਮ ਦੇ ਇਕ ਵਿਅਕਤੀ ਨੇ ਉਸਨੂੰ ਦਮੋਰੀਆ ਪੁਲ ਖੇਤਰ ’ਚ ਬੋਰਡਾਂ ਤੇ ਪੋਸਟਰਾਂ ਨੂੰ ਪਾੜਨ ਲਈ ਕਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਖ ਤੇ ਹਿੰਦੂ ਸੰਗਠਨਾਂ ਦੇ ਮੈਂਬਰ ਮੌਕੇ ਤੇ ਪਹੁੰਚੇ ਤੇ ਘਟਨਾ ਦੀ ਸਖ਼ਤ ਨਿੰਦਾ ਕੀਤੀ। ਜਦੋਂ ਲੋਕਾਂ ਨੇ ਸ਼ਾਮ ਆਰਟ ਨਾਲ ਫ਼ੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਮੋਬਾਈਲ ਫੋਨ ਬੰਦ ਸੀ, ਜਿਸ ਨਾਲ ਰੋਹ ਹੋਰ ਵਧ ਗਿਆ। ਸਥਾਨਕ ਨਿਵਾਸੀਆਂ ਤੇ ਸੰਗਠਨਾਂ ਦਾ ਕਹਿਣਾ ਹੈ ਕਿ ਨਗਰ ਕੀਰਤਨ ਸਬੰਧੀ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੇ ਇਲਾਕਿਆਂ ’ਚ ਸੂਚਨਾ ਬੋਰਡ ਤੇ ਪੋਸਟਰ ਲਾਏ ਗਏ ਸਨ, ਜਿਨ੍ਹਾਂ ’ਚੋਂ ਲਗਭਗ 22 ਪੋਸਟਰ ਪਾੜੇ ਗਏ ਹਨ। ਸੰਗਠਨਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤੇ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਜਲੰਧਰ ਭਰ ’ਚ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।