ਸਾਲਿਡ ਵੇਸਟ ਮੈਨੇਜਮੈਂਟ ਦਾ ਟੈਂਡਰ ਪੰਜਵੀਂ ਵਾਰ ਅੱਗੇ ਵਧਾਇਆ, ਫਰਵਰੀ ਦੇ ਪਹਿਲੇ ਹਫ਼ਤੇ ’ਚ ਖੁੱਲ੍ਹੇਗਾ
ਸਾਲਿਡ ਵੇਸਟ ਮੈਨੇਜਮੈਂਟ ਦਾ ਟੈਂਡਰ ਪੰਜਵੀਂ ਵਾਰ ਅੱਗੇ ਵਧਾਇਆ, ਫਰਵਰੀ ਦੇ ਪਹਿਲੇ ਹਫ਼ਤੇ ’ਚ ਖੁੱਲ੍ਹੇਗਾ
Publish Date: Sun, 18 Jan 2026 08:38 PM (IST)
Updated Date: Mon, 19 Jan 2026 04:21 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਨੇ 143 ਕਰੋੜ ਰੁਪਏ ਦੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੇ ਟੈਂਡਰ ਖੋਲ੍ਹਣ ਦੀ ਤਰੀਕ ਪੰਜਵੀਂ ਵਾਰ ਅੱਗੇ ਵਧਾ ਦਿੱਤੀ ਹੈ। ਹੁਣ ਇਹ ਟੈਂਡਰ ਫਰਵਰੀ ਦੇ ਪਹਿਲੇ ਹਫ਼ਤੇ ’ਚ ਖੁੱਲ੍ਹਣਗੇ। ਹਾਲਾਂਕਿ ਇਸ ਗੱਲ ਨੂੰ ਲੈ ਕੇ ਵੀ ਸੰਦੇਹ ਬਣਿਆ ਹੋਇਆ ਹੈ ਕਿ ਅਗਲੀ ਤਰੀਕ ’ਤੇ ਵੀ ਟੈਂਡਰ ਖੁੱਲ੍ਹਣਗੇ ਜਾਂ ਨਹੀਂ। ਨਗਰ ਨਿਗਮ ’ਚ ਕੂੜੇ ਨਾਲ ਜੁੜੇ ਕੰਮਾਂ ’ਚ ਨਿੱਜੀ ਕੰਪਨੀਆਂ ਦੀ ਐਂਟਰੀ ਦਾ ਨਿਗਮ ਦੀਆਂ ਦਰਜਾ ਚਾਰ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨਾਂ ਦੇ ਵਿਰੋਧ ਨੂੰ ਧਿਆਨ ’ਚ ਰੱਖਦਿਆਂ ਟੈਂਡਰ ਨਹੀਂ ਖੋਲ੍ਹੇ ਜਾ ਰਹੇ ਤੇ ਪੰਜਵੀਂ ਵਾਰ ਟੈਂਡਰ ਨੂੰ ਪੈਂਡਿੰਗ ਕੀਤਾ ਗਿਆ ਹੈ। ਸ਼ਹਿਰ ’ਚ ਕੂੜਾ ਪ੍ਰਬੰਧਨ ਤਹਿਤ ਨਗਰ ਨਿਗਮ ਡੋਰ ਟੂ ਡੋਰ ਕਲੇਕਸ਼ਨ ਤੋਂ ਲੈ ਕੇ ਕੂੜੇ ਦੀ ਪ੍ਰੋਸੈਸਿੰਗ ਤੱਕ ਸਾਰਾ ਕੰਮ ਨਿੱਜੀ ਕੰਪਨੀ ਤੋਂ ਕਰਵਾਉਣਾ ਚਾਹੁੰਦਾ ਹੈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ ਰਾਜ ਭਰ ਦੇ ਨਿਗਮਾਂ ਤੇ ਕੌਂਸਲਾਂ ’ਚ ਇਹ ਪ੍ਰੋਜੈਕਟ ਤਿਆਰ ਕੀਤੇ ਗਏ ਹਨ। ਜਲੰਧਰ ’ਚ ਯੂਨੀਅਨਾਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੀਆਂ ਹਨ। ਨਗਰ ਨਿਗਮ ਨੇ ਪ੍ਰੋਜੈਕਟ ਨੂੰ ਲੈ ਕੇ ਸੰਤੁਲਨ ਬਣਾਉਣ ਲਈ ਨਿਗਮ ’ਚ ਦਰਜਾ ਚਾਰ ਕਰਮਚਾਰੀਆਂ ਦੀ ਪੱਕੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਨਿਗਮ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਭਰਤੀ ਸ਼ੁਰੂ ਹੋਣ ਨਾਲ ਯੂਨੀਅਨਾਂ ਦਾ ਵਿਰੋਧ ਘੱਟ ਹੋ ਸਕਦਾ ਹੈ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਯੂਨੀਅਨਾਂ ਵੱਲੋਂ ਬਾਰ-ਬਾਰ ਹੜਤਾਲਾਂ ਕਰਨ ਕਾਰਨ ਨਿਗਮ ਨੂੰ ਇਹ ਟੈਂਡਰ ਖੋਲ੍ਹਣ ਦੀ ਤਾਰੀਖ ਮੁੜ ਮੁੜ ਅੱਗੇ ਵਧਾਉਣੀ ਪਈ ਹੈ। ਪਹਿਲਾਂ ਇਹ ਟੈਂਡਰ 18 ਦਸੰਬਰ ਨੂੰ ਖੁੱਲ੍ਹਣਾ ਸੀ, ਪਰ ਤਰੀਕ ਵਧਾ ਕੇ 26 ਦਸੰਬਰ ਕਰ ਦਿੱਤੀ ਗਈ। ਇਸ ਤੋਂ ਬਾਅਦ ਜਨਵਰੀ ’ਚ ਦੋ ਵਾਰ ਤਰੀਕ ਅੱਗੇ ਵਧਾਈ ਗਈ ਤੇ ਹੁਣ ਨਵੀਂ ਤਰੀਕ 3 ਫਰਵਰੀ ਤੈਅ ਕੀਤੀ ਗਈ ਹੈ। ਨਗਰ ਨਿਗਮ ਨੇ ਪਹਿਲਾਂ 143 ਕਰੋੜ ਰੁਪਏ ਦਾ ਇਕ ਹੀ ਟੈਂਡਰ ਲਗਾਇਆ ਸੀ, ਪਰ ਕੰਪਨੀਆਂ ਦੇ ਅੱਗੇ ਨਾ ਆਉਣ ਕਾਰਨ ਇਸਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਗਿਆ। ਹੁਣ 86.13 ਕਰੋੜ ਤੇ 57.42 ਕਰੋੜ ਦੇ ਟੈਂਡਰ ਲਗਾਏ ਜਾ ਰਹੇ ਹਨ। ਇਕ ਟੈਂਡਰ ਨਾਰਥ ਤੇ ਵੈਸਟ ਵਿਧਾਨ ਸਭਾ ਹਲਕੇ ਲਈ ਹੈ, ਜਦਕਿ ਦੂਜਾ ਟੈਂਡਰ ਸੈਂਟਰਲ ਤੇ ਕੈਂਟ ਵਿਧਾਨ ਸਭਾ ਖੇਤਰ ਲਈ ਹੈ। ਹਾਲਾਂਕਿ ਮੇਅਰ ਸਿਰਫ਼ ਵੇਸਟ ਪ੍ਰੋਸੈਸਿੰਗ ਲਈ ਵੀ ਕੰਪਨੀਆਂ ਨੂੰ ਸੱਦਾ ਦੇ ਰਹੇ ਹਨ। ਇਸ ਸਥਿਤੀ ’ਚ ਇਹ ਪ੍ਰੋਜੈਕਟ ਹੋਰ ਕੁਝ ਦਿਨਾਂ ਲਈ ਟਲ ਸਕਦਾ ਹੈ।