ਮੇਅਰ ਨੇ ਰੋਕਿਆ ਹੈਲਥ ਬ੍ਰਾਂਚ ਦਾ ਡਰਾਈਵਰ ਤੇ ਹੈਲਪਰ ਰੱਖਣ ਦਾ 20 ਲੱਖ ਦਾ ਟੈਂਡਰ
ਮੇਅਰ ਨੇ ਹੈਲਥ ਬਰਾਂਚ ਦਾ ਬਾਹਰੀ ਡਰਾਈਵਰ ਤੇ ਹੇਲਪਰਾਂ ਦਾ 20 ਲੱਖ ਦਾ ਟੈਂਡਰ ਰੋਕਿਆ
Publish Date: Thu, 22 Jan 2026 07:42 PM (IST)
Updated Date: Fri, 23 Jan 2026 04:13 AM (IST)

* ਸਫ਼ਾਈ ਮਜ਼ਦੂਰ ਫੈੱਡਰੇਸ਼ਨ ਨੇ ਰੁਕਵਾਇਆ ਟੈਂਡਰ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਹੈਲਥ ਬ੍ਰਾਂਚ ’ਚ ਡਰਾਈਗਰ ਤੇ ਹੈਲਪਰ ਰੱਖਣ ਦਾ 20.79 ਲੱਖ ਦਾ ਫਰਜ਼ੀ ਟੈਂਡਰ ਮੇਅਰ ਵਿਨੀਤ ਧੀਰ ਨੇ ਰੋਕ ਦਿੱਤਾ ਤੇ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਨੇ ਫਰਜ਼ੀ ਟੈਂਡਰ ਦਾ ਮਾਮਲਾ ਮੇਅਰ ਅਤੇ ਕਮਿਸ਼ਨਰ ਦੇ ਧਿਆਨ ’ਚ ਲਿਆਂਦਾ ਤਾਂ ਮੇਅਰ ਨੇ ਤੁਰੰਤ ਹੀ ਉਕਤ ਟੈਂਡਰ ’ਤੇ ਰੋਕ ਲਗਾ ਦਿੱਤੀ। ਇਸ ਸਬੰਧੀ ਫਾਈਲ ਮੇਅਰ ਵਿਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਮੰਗਵਾ ਲਈ ਹੈ। ਇਸ ਸਬੰਧੀ ਦੱਸਿਆ ਗਿਆ ਹੈ ਕਿ ਇਹ ਟੈਂਡਰ 20.79 ਲੱਖ ਰੁਪਏ ਪ੍ਰਤੀ ਮਹੀਨੇ ਦਾ ਇਕ ਸਾਲ ਲਈ ਹੈਲਥ ਬ੍ਰਾਂਚ ’ਚ 11 ਡਰਾਈਵਰਾਂ ਤੇ ਹੈਲਪਰਾਂ ਦੀ ਘਾਟ ਦਿਖਾਉਂਦੇ ਹੋਏ ਮੰਗਿਆ ਗਿਆ ਸੀ ਅਤੇ ਇਸ ਨੂੰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਨੇ ਪਾਸ ਕਰ ਦਿੱਤਾ ਸੀ। ਜਦਕਿ ਹੈਲਥ ਬ੍ਰਾਂਚ ’ਚ ਡਰਾਈਵਰਾਂ ਤੇ ਹੈਲਪਰਾਂ ਦੀ ਕੋਈ ਘਾਟ ਨਹੀਂ ਦੱਸੀ ਜਾਂਦੀ ਅਤੇ ਇਸ ਟੈਂਡਰ ਨੂੰ ਫਰਜ਼ੀ ਟੈਂਡਰ ਕਰਾਰ ਦੇ ਕੇ ਰੋਕ ਦਿੱਤਾ ਗਿਆ। ਜੇ ਟੈਂਡਰ ਦਾ ਵਰਕ ਆਰਡਰ ਲਾਗੂ ਹੋ ਜਾਂਦਾ ਤਾਂ ਨਗਰ ਨਿਗਮ ਨੂੰ ਇਕ ਸਾਲ ਦਾ ਲਗਪਗ ਸਵਾ 2 ਕਰੋੜ ਦਾ ਚੂਨਾ ਲਗਣਾ ਸੀ, ਜਿਸ ਦਾ ਤੁਰੰਤ ਪਤਾ ਲੱਗਣ ’ਤੇ ਇਸ ਨੂੰ ਰੋਕ ਦਿੱਤਾ ਗਿਆ। ਮੇਅਰ ਨੇ ਉਕਤ ਟੈਂਡਰ ਦੀ ਫਾਇਲ ਮੰਗਵਾ ਲਈ ਹੈ ਅਤੇ ਇਸ ਦੀ ਜਾਂਚ ਕਰਾਈ ਜਾਏਗੀ ਕਿ ਅਜਿਹਾ ਫਰਜ਼ੀ ਟੈਂਡਰ ਕਿਸ ਤਰ੍ਹਾਂ ਲੱਗਾ ਤੇ ਕਿਸ ਤਰ੍ਹਾਂ ਧੋਖੇ ਨਾਲ ਵਰਕ ਆਰਡਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਲੱਗੇ ਟੈਂਡਰਾਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਜੋ ਫਰਜ਼ੀ ਟੈਂਡਰਾਂ ਦਾ ਪਤਾ ਲਾਇਆ ਜਾ ਸਕੇ। ਮਜ਼ਦੂਰ ਫੈੱਡਰੇਸ਼ਨ ਨੇ ਕੀਤਾ ਸੀ ਖੁਲਾਸਾ ਇਸ ਸਬੰਧੀ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਕਿਹਾ ਹੈ ਕਿ ਹੈਲਥ ਬ੍ਰਾਂਚ ਦੇ ਇਸ ਟੈਂਡਰ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਾਮਾ ਮੰਡੀ ਤੇ ਦਕੋਹਾ ਵੱਲ ਲੱਗੀਆਂ ਹੈਲਥ ਬ੍ਰਾਂਚ ਦੀਆਂ ਗੱਡੀਆਂ ਲਈ 11 ਨਵੇਂ ਬਾਹਰੀ ਵਿਅਕਤੀਆਂ ਦੀ ਸੂਚੀ ਦੇਖੀ ਗਈ। ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਟੈਂਡਰ ’ਤੇ ਕਿਸੇ ਅਧਿਕਾਰੀ ਦੇ ਦਸਤਖ਼ਤ ਤੱਕ ਨਹੀਂ ਸਨ ਅਤੇ ਜਦੋ ਇਹ ਮਾਮਲਾ ਮੇਅਰ ਤੇ ਕਮਿਸ਼ਨਰ ਦੇ ਧਿਆਨ ’ਚ ਲਿਆਂਦਾ ਗਿਆ ਤੇ ਪਤਾ ਲੱਗਾ ਕਿ ਉਕਤ ਟੈਂਡਰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ ਰੁਟੀਨ ਨਾਲ ਪਾਸ ਹੋਇਆ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਤੇ ਨਗਰ ਨਿਗਮ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।