ਟਰੈਕਟਰ-ਟਰਾਲੀ ਦੀ ਟੱਕਰ ਨਾਲ ਟੈਂਪੂ ਟਰੈਵਲ ਨੁਕਸਾਨੀ, ਜਾਨੀ ਬਚਾਅ
ਓਵਰ ਸਪੀਡ ਟਰੈਕਟਰ-ਟਰਾਲੀ ਦੀ ਟੱਕਰ ਨਾਲ ਟੈਂਪੂ ਟਰੈਵਲ ਨੁਕਸਾਨੀ, ਵੱਡਾ ਹਾਦਸਾ ਟਲਿਆ
Publish Date: Wed, 19 Nov 2025 09:01 PM (IST)
Updated Date: Thu, 20 Nov 2025 04:10 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਅੱਪਰਾ–ਫਿਲੌਰ ਮੁੱਖ ਮਾਰਗ ’ਤੇ ਸੀਕੋ ਪੈਲੇਸ ਨੇੜੇ ਓਵਰ ਸਪੀਡ ਟਰੈਕਟਰ-ਟਰਾਲੀ ਨੇ ਬੇਕਾਬੂ ਹੋ ਕੇ ਸਵਾਰੀਆਂ ਨਾਲ ਭਰੀ ਟੈਂਪੂ ਟਰੈਵਲ ਨੂੰ ਟੱਕਰ ਮਾਰੀ। ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਾਹਨਾਂ ਨੂੰ ਭਾਰੀ ਨੁਕਸਾਨ ਹੋਇਆ। ਟੈਂਪੂ ਟਰੈਵਲ (ਪੀਬੀ-01-ਬੀ-0385) ਦੇ ਡਰਾਈਵਰ ਡਿੰਪੀ ਨੇ ਦੱਸਿਆ ਕਿ ਉਹ ਫਿਲੌਰ ਤੋਂ ਅੱਪਰਾ ਵੱਲ ਸਵਾਰੀਆਂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਅੱਪਰੇ ਪਾਸੋਂ ਤੇਜ਼ ਰਫ਼ਤਾਰ ’ਚ ਆ ਰਿਹਾ ਟਰੈਕਟਰ ਗੁਰਤੇਗ ਰਾਈਸ ਮਿੱਲ ਦੇ ਟਰੱਕ (ਪੀਬੀ-08-ਏਕਿਉ-7585) ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਉਸਦੀ ਟਰੈਵਲ ਨਾਲ ਜਾ ਟਕਰਾਇਆ। ਟਰੈਕਟਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਨਾਲ ਉਹ ਦੋ ਹਿੱਸਿਆਂ ‘ਚ ਵੰਡ ਗਿਆ, ਜਦਕਿ ਟਰੈਵਲ ਦੀ ਇਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਵਾਹਨ ਸੜਕ ਤੋਂ ਹੇਠਾਂ ਉਤਰ ਗਿਆ। ਸਵਾਰੀਆਂ ਨੂੰ ਮਾਮੂਲੀ ਸੱਟਾਂ ਆਈਆਂ। ਇਲਾਕਾ ਵਾਸੀਆਂ ਨੇ ਕਿਹਾ ਕਿ ਓਵਰ ਸਪੀਡ ਤੇ ਓਵਰਲੋਡ ਵਾਹਨਾਂ ਕਾਰਨ ਇਸ ਰੋਡ ’ਤੇ ਅਕਸਰ ਹਾਦਸੇ ਵਾਪਰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਤਾਂ ਜੋ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। ਪੁਲਿਸ ਚੌਕੀ ਅੱਪਰਾ ਦੇ ਇੰਚਾਰਜ ਸੁਖਦੇਵ ਸਿੰਘ ਥਾਣੇਦਾਰ ਨੇ ਕਿਹਾ ਕਿ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।