ਅਟਵਾਲ ਨੇ ਲਿਫਟ ਲਾਉਣ ਲਈ ਦਿੱਤੀ ਸਹਾਇਤਾ
ਤਾਰੀ ਅਟਵਾਲ (ਯੂਕੇ) ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਲਿਫ਼ਟ ਲਾਉਣ ਲਈ ਦਿੱਤੀ ਸਹਾਇਤਾ
Publish Date: Mon, 15 Dec 2025 07:58 PM (IST)
Updated Date: Mon, 15 Dec 2025 08:00 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਆਈਡਬਲੀਯੂਏ (ਗ੍ਰੇਟ ਬ੍ਰਿਟੇਨ), ਸ਼ਹੀਦ ਊਧਮ ਸਿੰਘ ਸੈਂਟਰ ਬਰਮਿੰਘਮ ਤੇ ਹੋਰ ਲੋਕ-ਪੱਖੀ ਸੰਸਥਾਵਾਂ ਨਾਲ ਲੰਮੇ ਅਰਸੇ ਤੋਂ ਜੁੜੇ ਤੇ ਸਮੇਂ-ਸਮੇਂ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ, ਮੇਲਾ ਗ਼ਦਰੀ ਬਾਬਿਆਂ ਦਾ ਨਾਲ਼ ਜੁੜਕੇ ਰਹਿਣ ਤੇ ਆਰਥਕ ਸਹਾਇਤਾ ਕਰਨ ਵਾਲੇ ਸਾਥੀ ਅਵਤਾਰ ਸਿੰਘ ਤਾਰੀ (ਤਾਰੀ ਅਟਵਾਲ ਕਰ ਕੇ ਜਾਣੇ ਜਾਂਦੇ) ਵੱਲੋਂ ਅੱਜ ਜਾਤੀ ਤੌਰ 'ਤੇ 5 ਲੱਖ ਰੁਪਏ ਦਾ ਚੈੱਕ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਹਾਲ ਅੰਦਰ ਲਿਫ਼ਟ ਲਾਉਣ ਲਈ ਬਰਮਿੰਘਮ (ਯੂਕੇ) ਤੋਂ ਆਏ ਕੁਲਵੰਤ ਸਿੰਘ ਕਮਲ (ਵਾਸੀ ਮਾਓ ਸਾਹਿਬ) ਰਾਹੀਂ ਭੇਟ ਕੀਤਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਮੇਟੀ ਵੱਲੋਂ ਅਵਤਾਰ ਤਾਰੀ ਦਾ ਦਿਲੋਂ ਧੰਨਵਾਦ ਕੀਤਾ। ਚੈੱਕ ਪ੍ਰਾਪਤ ਕਰਦੇ ਸਮੇਂ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਤਾਰੀ ਅਟਵਾਲ ਨੂੰ ਨਿੱਘੀ ਮੁਹੱਬਤ ਭਰਿਆ ਸੁਨੇਹਾ ਕੁਲਵੰਤ ਕਮਲ ਦੇ ਹੱਥ ਭੇਜਦੇ ਹੋਏ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਇਹ ਅਮੁੱਲੀ ਦੇਣ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਣ ਵਾਲੀਆਂ ਸਰਗਰਮੀਆਂ ਲਈ ਸਹਾਈ ਹੋਏਗੀ। ਕਮੇਟੀ ਨੇ ਕਿਹਾ ਕਿ ਆਪਣੀ ਮਹਾਨ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਤੇ ਇਸ ਦੀਆਂ ਸਰਗਰਮੀਆਂ ਨੂੰ ਸਹਾਈ ਹੋਣ ਲਈ ਅਜਿਹੇ ਉੱਦਮ ਕਰਨ ’ਤੇ ਕਮੇਟੀ ਨੂੰ ਅਥਾਹ ਮਾਣ ਹੈ। ਕੁਲਵੰਤ ਕਮਲ ਨੇ ਦੱਸਿਆ ਕਿ ਤਾਰੀ ਅਟਵਾਲ ਨੇ ਇਹ ਸੁਨੇਹਾ ਵੀ ਭੇਜਿਆ ਹੈ ਕਿ ਉਹ ਭਵਿੱਖ ’ਚ ਹੋਰ ਸਹਾਇਤਾ ਵੀ ਕਰਨਗੇ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਕਮੇਟੀ ਮੈਂਬਰ ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਜਮੇਰ ਸਿੰਘ ਤੇ ਸੁਰਿੰਦਰ ਕੁਮਾਰੀ ਕੋਛੜ ਵੀ ਹਾਜ਼ਰ ਸਨ।