ਲਿਫਟ ਦੇ ਬਹਾਨੇ ਔਰਤਾਂ ਦਾ ਗਿਰੋਹ ਬਣਾ ਰਿਹਾ ਨੌਜਵਾਨਾਂ ਨੂੰ ਨਿਸ਼ਾਨਾ
ਲਿਫਟ ਦੇ ਬਹਾਨੇ ਔਰਤਾਂ ਦਾ ਗਿਰੋਹ ਬਣਾ ਰਿਹਾ ਨੌਜਵਾਨਾਂ ਨੂੰ ਨਿਸ਼ਾਨਾ
Publish Date: Tue, 13 Jan 2026 10:43 PM (IST)
Updated Date: Tue, 13 Jan 2026 10:45 PM (IST)

ਪੀੜਤਾਂ ਨੂੰ ਗੱਲਬਾਤ ’ਚ ਲਾ ਕੇ ਬਟੂਏ ਤੇ ਨਕਦੀ ਹੋ ਰਹੀ ਹੈ ਚੋਰੀ, ਡਰਾ-ਧਮਕਾ ਕੇ ਲੁੱਟਿਆ ਜਾ ਰਿਹੈ ਪੈਸਾ ਸੁਕਰਾਂਤ, ਜਾਗਰਣ, ਜਲੰਧਰ : ਸ਼ਹਿਰ ਵਿਚ ਇਨ੍ਹੀਂ ਦਿਨੀਂ ਇੱਕ ਨਵਾਂ ਠੱਗੀ ਦਾ ਤਰੀਕਾ ਸਾਹਮਣੇ ਆਇਆ ਹੈ। ਔਰਤਾਂ ਦਾ ਇੱਕ ਗਰੋਹ ਸਰਗਰਮ ਹੈ, ਜੋ ਨੌਜਵਾਨਾਂ ਨੂੰ ਠੱਗਣ ਲਈ ਲਿਫਟ ਮੰਗਣ ਜਾਂ ਮਦਦ ਮੰਗਣ ਦਾ ਬਹਾਨਾ ਬਣਾ ਕੇ ਸਰਗਰਮ ਹੈ। ਇਸ ਗਿਰੋਹ ਵਿੱਚ ਕਥਿਤ ਤੌਰ ਤੇ ਇੱਕ ਅੱਧਖੜ ਉਮਰ ਦੀ ਔਰਤ ਅਤੇ ਦੋ ਮੁਟਿਆਰਾਂ ਸ਼ਾਮਲ ਹਨ, ਜੋ ਬਹੁਤ ਹੀ ਚਲਾਕੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲ ਹੀ ਦੇ ਦਿਨਾਂ ਵਿੱਚ ਇਸ ਗਿਰੋਹ ਨੇ ਬਸਤੀ ਨੌ ਅਤੇ ਸ਼ੇਖਾਂ ਬਾਜ਼ਾਰ ਇਲਾਕੇ ਵਿੱਚ ਦੋ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਪਹਿਲੀ ਘਟਨਾ ਬਸਤੀ ਨੌ ਇਲਾਕੇ ਵਿੱਚ ਵਾਪਰੀ ਜਿੱਥੇ ਇੱਕ ਨੌਜਵਾਨ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਸੜਕ ਕਿਨਾਰੇ ਖੜ੍ਹੀਆਂ ਦੋ ਮੁਟਿਆਰਾਂ ਨੇ ਉਸ ਨੂੰ ਲਿਫਟ ਲਈ ਕਿਹਾ। ਔਰਤਾਂ ਨੇ ਸਾਧਾਰਨ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੁਸ਼ਕਲ ਸਥਿਤੀ ਵਿੱਚ ਹਨ। ਨੌਜਵਾਨ ਨੇ ਉਨ੍ਹਾਂ ’ਤੇ ਤਰਸ ਕਰ ਕੇ ਲਿਫਟ ਦੇ ਦਿੱਤੀ। ਰਸਤੇ ਵਿੱਚ ਮੁਟਿਆਰਾਂ ਉਸ ਨਾਲ ਲਗਾਤਾਰ ਗੱਲਾਂ ਕਰਦੀਆਂ ਰਹੀਆਂ, ਕਦੇ ਉਸ ਦਾ ਰਾਹ ਪੁੱਛਦੀਆਂ ਤੇ ਕਦੇ ਆਪਣੀਆਂ ਸਮੱਸਿਆਵਾਂ ਦੱਸਦੀਆਂ। ਗੱਲਬਾਤ ਦੌਰਾਨ ਨੌਜਵਾਨ ਦਾ ਧਿਆਨ ਉਸ ਤੋਂ ਭਟਕ ਗਿਆ ਅਤੇ ਇਸੇ ਦੌਰਾਨ ਲੜਕੀਆਂ ਨੇ ਬੜੀ ਹੁਸ਼ਿਆਰੀ ਨਾਲ ਉਸ ਦਾ ਬਟੂਆ ਚੋਰੀ ਕਰ ਲਿਆ। ਥੋੜੀ ਦੂਰੀ ਦਾ ਸਫ਼ਰ ਕਰਨ ਤੋਂ ਬਾਅਦ, ਮੁਟਿਆਰਾਂ ਨੇ ਉਤਰਨ ਲਈ ਕਿਹਾ ਅਤੇ ਜਿਵੇਂ ਹੀ ਉਹ ਉਤਰੀਆਂ, ਤੁਰੰਤ ਇੱਕ ਵੱਖਰੀ ਦਿਸ਼ਾ ਵੱਲ ਚੱਲ ਪਈਆਂ। ਨੌਜਵਾਨ ਨੂੰ ਉਸ ਸਮੇਂ ਕੁਝ ਵੀ ਸ਼ੱਕ ਨਹੀਂ ਸੀ ਪਰ ਜਦੋਂ ਉਸ ਨੇ ਅੱਗੇ ਵਧ ਕੇ ਜੇਬਾਂ ਦੀ ਜਾਂਚ ਕੀਤੀ ਤਾਂ ਉਸ ਦਾ ਬਟੂਆ ਗਾਇਬ ਸੀ। ਪਰਸ ਵਿੱਚ ਨਕਦੀ, ਏਟੀਐੱਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ। ਨੌਜਵਾਨ ਨੇ ਇਲਾਕੇ ਚ ਕਾਫੀ ਭਾਲ ਕੀਤੀ ਪਰ ਉਦੋਂ ਤੱਕ ਲੜਕੀਆਂ ਭੀੜ ਚ ਗਾਇਬ ਹੋ ਚੁੱਕੀਆਂ ਸਨ। ਦੂਜੀ ਘਟਨਾ ਮਾਸਟਰ ਤਾਰਾ ਸਿੰਘ ਨਗਰ ਵਿੱਚ ਵਾਪਰੀ। ਉਥੇ ਗਿਰੋਹ ਦੇ ਮੈਂਬਰਾਂ ਨੇ ਇਕ ਨੌਜਵਾਨ ਨਾਲ ਗੱਲਬਾਤ ਕੀਤੀ। ਇੱਕ ਬਜ਼ੁਰਗ ਔਰਤ ਨੇ ਬਿਮਾਰ ਹੋਣ ਦਾ ਦਾਅਵਾ ਕੀਤਾ ਅਤੇ ਮਦਦ ਮੰਗੀ, ਜਦਕਿ ਦੋ ਛੋਟੀਆਂ ਔਰਤਾਂ ਨੇ ਆਪਣੀ ਗੱਲਬਾਤ ਨਾਲ ਨੌਜਵਾਨ ਨੂੰ ਆਪਣੀਆਂ ਗੱਲਾਂ ’ਚ ਲਾਈ ਰੱਖਿਆ। ਉਸ ਨੇ ਕਿਸੇ ਜ਼ਰੂਰੀ ਲੋੜ ਦਾ ਹਵਾਲਾ ਦੇ ਕੇ ਪੈਸੇ ਮੰਗੇ। ਨੌਜਵਾਨ ਨੇ ਹਮਦਰਦੀ ਜਤਾਉਂਦਿਆਂ ਉਸ ਨੂੰ ਕੁਝ ਪੈਸੇ ਦਿੱਤੇ। ਬਾਅਦ ਵਿਚ ਗੱਲਬਾਤ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਵੱਧ ਪੈਸੇ ਵਸੂਲੇ ਗਏ ਸਨ ਅਤੇ ਉਸ ਨਾਲ ਠੱਗੀ ਹੋ ਗਈ ਹੈ। ਸਾਧਾਰਨ ਕੱਪੜਿਆਂ ਪਾਉਂਦੀਆਂ ਹਨ, ਜਿਸ ਨਾਲ ਕਿਸੇ ਵੀ ਚੀਜ਼ ਤੇ ਸ਼ੱਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੀਆਂ ਔਰਤਾਂ ਬਿਲਕੁਲ ਆਮ ਕੱਪੜਿਆਂ ਵਿੱਚ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਵਤੀਰਾ ਵੀ ਇੰਨਾ ਸਧਾਰਣ ਹੁੰਦਾ ਹੈ ਕਿ ਕਿਸੇ ਨੂੰ ਵੀ ਉਨ੍ਹਾਂ ‘ਤੇ ਸ਼ੱਕ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਲੋੜਵੰਦ ਜਾਂ ਮਜਬੂਰ ਦਿਖਾ ਕੇ ਸਾਹਮਣੇ ਵਾਲੇ ਦੀ ਹਮਦਰਦੀ ਹਾਸਲ ਕਰ ਲੈਂਦੀਆਂ ਹਨ ਅਤੇ ਫਿਰ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਕਈ ਲੋਕ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। --- ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਮਾਮਲੇ ਸ਼ਹਿਰ ਵਿੱਚ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰੇਲਵੇ ਸਟੇਸ਼ਨ, ਬੱਸ ਅੱਡਿਆਂ ਅਤੇ ਬਾਜ਼ਾਰਾਂ ਦੇ ਆਲੇ-ਦੁਆਲੇ ਲਿਫਟ ਜਾਂ ਮਦਦ ਦੇ ਬਹਾਨੇ ਠੱਗੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕੁਝ ਮਾਮਲਿਆਂ ਵਿੱਚ ਨੌਜਵਾਨਾਂ ਦੇ ਮੋਬਾਇਲ ਫੋਨ ਤੱਕ ਚੋਰੀ ਕਰ ਲਏ ਗਏ। ਕਈ ਵਾਰ ਪੀੜਤ ਬਦਨਾਮੀ ਜਾਂ ਝੰਝਟ ਦੇ ਡਰ ਕਰਕੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ, ਜਿਸ ਨਾਲ ਅਜਿਹੇ ਗਿਰੋਹਾਂ ਦੇ ਹੌਸਲੇ ਹੋਰ ਵਧ ਜਾਂਦੇ ਹਨ। ਪਿਛਲੇ ਸਾਲ ਇੱਕ ਨੌਜਵਾਨ ਨੇ ਰੇਲਵੇ ਸਟੇਸ਼ਨ ਦੇ ਨੇੜੇ ਲਿਫਟ ਦਿੱਤੀ ਸੀ, ਜਿੱਥੇ ਗੱਲਾਂ ਵਿੱਚ ਉਲਝਾ ਕੇ ਉਸ ਦਾ ਮੋਬਾਇਲ ਚੋਰੀ ਕਰ ਲਿਆ ਗਿਆ। ਸ਼ਿਕਾਇਤ ਦਰਜ ਹੋਣ ‘ਤੇ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਸਾਫ਼ ਹੁੰਦਾ ਹੈ ਕਿ ਸਮੇਂ ’ਤੇ ਸ਼ਿਕਾਇਤ ਕਰਨ ਨਾਲ ਨਾ ਸਿਰਫ਼ ਤੁਹਾਡੀ ਮਦਦ ਹੁੰਦੀ ਹੈ, ਸਗੋਂ ਦੂਜਿਆਂ ਨੂੰ ਵੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਦਾ ਹੈ। --- ਕਿਵੇਂ ਕਰੀਏ ਬਚਾਅ -ਅਣਜਾਣ ਲੋਕਾਂ ਨੂੰ ਲਿਫਟ ਦੇਣ ਤੋਂ ਬਚੋ, ਖ਼ਾਸ ਕਰਕੇ ਜਦੋਂ ਉਹ ਬੇਹਦ ਗੱਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਨ। -ਜੇਬ ਤੇ ਬੈਗ ‘ਤੇ ਨਜ਼ਰ ਰੱਖੋ। ਬਾਈਕ ਜਾਂ ਸਕੂਟੀ ’ਤੇ ਸਵਾਰੀ ਬਿਠਾਉਂਦੇ ਸਮੇਂ ਆਪਣੀ ਜੇਬ ਅਤੇ ਪਰਸ ਵੱਲ ਖ਼ਾਸ ਧਿਆਨ ਦਿਓ। -ਭਾਵਨਾਤਮਕ ਗੱਲਾਂ ਵਿੱਚ ਨਾ ਆਓ। ਮਦਦ ਕਰਨ ਤੋਂ ਪਹਿਲਾਂ ਸਥਿਤੀ ਨੂੰ ਸਮਝੋ ਅਤੇ ਜ਼ਰੂਰਤ ਪੈਣ ’ਤੇ ਪੁਲਿਸ ਜਾਂ ਕਿਸੇ ਸਰਕਾਰੀ ਮਦਦ ਦੀ ਸਲਾਹ ਦਿਓ। -ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸਾਵਧਾਨ ਰਹੋ। ਬਾਜ਼ਾਰਾਂ, ਬੱਸ ਅੱਡਿਆਂ ਅਤੇ ਸੁੰਨੀਆਂ ਸੜਕਾਂ ‘ਤੇ ਖ਼ਾਸ ਸਾਵਧਾਨੀ ਵਰਤੋ। -ਠੱਗੀ ਹੋਣ ’ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿਓ। ਦੇਰੀ ਕਰਨ ਨਾਲ ਅਪਰਾਧੀਆਂ ਦੇ ਫੜੇ ਜਾਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ---- ਅਜਿਹੇ ਮਾਮਲਿਆਂ ਨੂੰ ਹਲਕੇ ਵਿੱਚ ਨਾ ਲਵੋ ਅਤੇ ਤੁਰੰਤ ਸ਼ਿਕਾਇਤ ਦਰਜ ਕਰਵਾਓ। ਅਜੇ ਤੱਕ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਜੇਕਰ ਕੋਈ ਅਜਿਹਾ ਗਿਰੋਹ ਮੌਜੂਦ ਹੈ ਤਾਂ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। ਲੋਕ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਪੁਲਿਸ ਨੂੰ ਦੇਣ। -.ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ