ਹਸਪਤਾਲ ’ਚ ਸੀਵਰੇਜ ਸਮੱਸਿਆ ਹੱਲ ਕਰਨ ਲਈ ਪ੍ਰਸ਼ਾਸਨ ਜੁੱਟਿਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 20 Nov 2025 10:07 PM (IST)
Updated Date: Thu, 20 Nov 2025 10:10 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਲਗਪਗ ਦੋ ਦਹਾਕਿਆਂ ਤੋਂ ਸਿਵਲ ਹਸਪਤਾਲ ’ਚ ਸੀਵਰੇਜ ਦੀ ਸਮੱਸਿਆ ਵੱਡੇ ਮੁੱਦੇ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਸਪਤਾਲ ਪ੍ਰਸ਼ਾਸਨ ਨੇ ਕਦਮ ਚੁੱਕ ਲਏ ਹਨ। ਹਸਪਤਾਲ ਦੇ ਕੰਪਲੈਕਸ ’ਚ ਨਵੀਂ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿਕਾਸ ਕਾਰਜ ਦੀ ਲਾਗਤ ਲਗਪਗ 40 ਲੱਖ ਰੁਪਏ ਹੈ। ਵਿਕਾਸ ਕਾਰਜ ਸ਼ੁਰੂ ਹੋਣ ਕਾਰਨ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਦੇ ਮੁਰਦਾਘਰ ਨੇੜੇ ਤੇ ਜੱਚਾ-ਬੱਚਾ ਹੈਲਥ ਸੈਂਟਰ ਦੇ ਆਲੇ-ਦੁਆਲੇ ਖੁਦਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕਾਰਨ ਚਾਰ ਪਹੀਆ ਤੇ ਦੋ ਪਹੀਆ ਵਾਹਨਾਂ ਨੂੰ ਹਸਪਤਾਲ ਦੀ ਨਵੀਂ ਤੇ ਪੁਰਾਣੀ ਇਮਾਰਤ ਅਤੇ ਪਿਛਲੇ ਦਰਵਾਜ਼ੇ ਤੋਂ ਬਾਹਰ ਜਾਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਐੱਸਐੱਮਓ ਡਾ. ਐੱਸਜੇਸੀ ਬਜਾਜ ਨੇ ਕਿਹਾ ਕਿ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਛੇਤੀ ਹੀ ਇਸ ਨੂੰ ਪੂਰਾ ਕਰਨ ਦਾ ਟੀਚਾ ਹੈ। ਹਾਲਾਂਕਿ, ਓਪੀਡੀ ਦੇ ਸਮੇਂ ਕੰਮ ਨੂੰ ਘੱਟ ਕੀਤਾ ਜਾ ਰਿਹਾ ਹੈ। ਸੀਵਰੇਜ ਪਾਈਪਾਂ ਪਾਉਣ ਨਾਲ ਵਾਰਡਾਂ ’ਚ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।