ਸਵਰਨਜੀਤ ਸਿੰਘ ਖ਼ਾਲਸਾ ਨੇ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਵਜੋਂ ਚੁੱਕੀ ਸਹੁੰ
ਖਾਲਸਈ ਰੰਗ ’ਚ ਰੰਗਿਆ ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਦਾ ਸਹੁੰ ਚੁੱਕ ਸਮਾਗਮ
Publish Date: Thu, 04 Dec 2025 10:58 PM (IST)
Updated Date: Fri, 05 Dec 2025 04:18 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਯੂਐੱਸਏ ’ਚ ਨੌਰਵਿਚ ਕਨੈਕਟੀਕਟ ਦੇ ਪਹਿਲੇ ਗੁਰਸਿੱਖ ਮੇਅਰ ਬਣੇ ਸਵਰਨਜੀਤ ਸਿੰਘ ਖ਼ਾਲਸਾ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ। ਖ਼ਾਲਸਾ ਨੂੰ ਅਹੁਦੇ ਦੀ ਸਹੁੰ ਨੌਰਵਿਚ ਸਿਟੀ ਹਾਲ ’ਚ ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਚ ਨੇ ਚੁਕਾਈ ਹੈ। ਉਸ ਵੇਲੇ ਉਨ੍ਹਾਂ ਦੀ ਪਤਨੀ ਗੁੰਤਾਸ ਕੌਰ, ਧੀਆਂ ਅਮਰ ਕੌਰ, ਸੂਹੀ ਕੌਰ ਤੇ ਗਵਰਨਰ ਨੈੱਡ ਲੈਮੌਂਟ ਮੌਜੂਦ ਸੀ। ਜਾਣਕਾਰੀ ਦਿੰਦਿਆਂ ਸਵਰਨਜੀਤ ਸਿੰਘ ਖ਼ਾਲਸਾ ਦੇ ਪਿਤਾ ਪਰਮਿੰਦਰ ਪਾਲ ਸਿੰਘ ਖ਼ਾਲਸਾ ਸੂਬਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਮੇਅਰ ਚੁਣੇ ਗਏ ਉਨ੍ਹਾਂ ਦੇ ਪੁੱਤਰ ਦੇ ਸਹੁੰ ਚੁੱਕ ਸਮਾਗਮ ਦੀ ਰਸਮ ਨਿਭਾਉਣ ਤੋਂ ਪਹਿਲਾਂ ਪ੍ਰਧਾਨ ਸਾਹਿਬ ਮਨਮੋਹਨ ਸਿੰਘ ਗੁਰਦੁਆਰਾ ਹੈਮਡਨ ਕਨੈਟੀਕਟ ਨੇ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਹੁੰ ਚੁੱਕਣ ’ਤੇ ਉਨ੍ਹਾਂ ਨੂੰ ਬਾਬਾ ਸਰਬਜੋਤ ਸਿੰਘ ਬੇਦੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ ਘਟ-ਗਿਣਤੀ ਕਮਿਸ਼ਨ, ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ, ਜਗਦੀਪ ਸਿੰਘ ਕਾਹਲੋ ਜਨਰਲ ਸਕਤਰ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿਲੀ ਗੁਰਦੁਆਰਾ ਕਮੇਟੀ, ਅਵਤਾਰ ਹੈਨਰੀ ਸਾਬਕਾ ਮੰਤਰੀ, ਪਵਨ ਕੁਮਾਰ ਟੀਨੂੰ, ਸਾਬਕਾ ਗਵਰਨਰ ਇਕਬਾਲ ਸਿੰਘ, ਬਲਵਿੰਦਰ ਕੁਮਾਰ ਸੀਨੀ.ਆਗੂ ਬਸਪਾ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਐੱਮਪੀ, ਅਮਰੀਕ ਸਿੰਘ ਆਲੀਵਾਲ ਸਾਬਕਾ ਐੱਮਪੀ, ਜਤਿੰਦਰਪਾਲ ਸਿੰਘ ਅੰਮ੍ਰਿਤਸਰ ਆਦਿ ਨੇ ਮੁਬਾਰਕਾਂ ਦਿੱਤੀਆਂ।