ਰੇਲਵੇ ਲਾਈਨ ਨੇੜੇ ਮਿਲਿਆ ‘ਪੀਆਈਏ’ ਲਿਖਿਆ ਗੁਬਾਰਾ
ਧੋਗੜੀ ਪਿੰਡ ’ਚ ਰੇਲਵੇ ਲਾਈਨ ਦੇ ਨੇੜੇ ਮਿਲਿਆ “ਪੀਆਈਏ” ਲਿਖਿਆ ਸ਼ੱਕੀ ਗੁਬਾਰਾ
Publish Date: Mon, 08 Dec 2025 10:21 PM (IST)
Updated Date: Mon, 08 Dec 2025 10:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਧੋਗੜੀ ਪਿੰਡ ’ਚ ਰੇਲਵੇ ਲਾਈਨਾਂ ਦੇ ਨੇੜੇ ਹਵਾਈ ਜਹਾਜ਼ ਵਾਂਗ ਇਕ ਗੁਬਾਰਾ ਮਿਲਿਆ ਹੈ। ਇਸ ਗੁਬਾਰੇ ‘ਪੀਆਈਏ’ ਲਿਖਿਆ ਸੀ ਤੇ ਇਸ ’ਤੇ ਅੱਧਾ ਚੰਦ ਤੇ ਤਾਰਾ ਬਣਿਆ ਹੋਇਆ ਸੀ। ਇਹ ਗੁਬਾਰਾ ਲਾਈਨਾਂ ਦੇ ਨੇੜੇ ਬੂਟਿਆਂ ’ਚ ਫਸਿਆ ਹੋਇਆ ਮਿਲਿਆ। ਸਵੇਰੇ ਤੋਂ ਹੀ ਲੋਕ ਇਸਨੂੰ ਦੇਖਣ ਲਈ ਆ ਰਹੇ ਸਨ ਤੇ ਇਹ ਜਾਣਕਾਰੀ ਜੰਡੂ ਸਿੰਘਾ ਪੁਲਿਸ ਦੇ ਇੰਚਾਰਜ ਨੂੰ ਵੀ ਦਿੱਤੀ। ਸੂਚਨਾ ਮਿਲਣ ’ਤੇ ਸ਼ਾਮ ਨੂੰ ਰੇਲਵੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਰੇਲਵੇ ਪੁਲਿਸ ਨੂੰ ਪਿੰਡ ਦੇ ਲੰਬਰਦਾਰ ਜਸਵੰਤ ਸਿੰਘ ਤੇ ਸਮਾਜਸੇਵੀ ਹਰਜਿੰਦਰ ਸਿੰਘ ਧੋਗੜੀ ਨੇ ਜਾਣਕਾਰੀ ਦਿੱਤੀ। ਰੇਲਵੇ ਪੁਲਿਸ ਦੇ ਏਐੱਸਆਈ ਬਲਵੀਰ ਸਿੰਘ ਤੇ ਇਕ ਹੋਰ ਮੁਲਾਜ਼ਮ ਕੁਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਰੇਲਵੇ ਪੁਲਿਸ ਇੰਚਰਾਜ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਗੁਬਾਰਾ ਹਵਾਈ ਜਹਾਜ਼ ਦੇ ਆਕਾਰ ਵਰਗਾ ਸੀ। ਇਹ ਰੇਲਵੇ ਲਾਈਨ ਦੇ ਨੇੜੇ ਬੂਟਿਆਂ ’ਚ ਫਸ ਗਿਆ। ਰੇਲਵੇ ਪੁਲਿਸ ਨੇ ਇਸ ਗੁਬਾਰੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।