ਨਿਗਮ ਨੂੰ ਟ੍ਰਾਂਸਫਰ ਕਰਨ ਦੀ ਮਨਜ਼ੂਰੀ ਨਾਲ ਵਿਕਾਸ ਦਾ ਰਾਹ ਖੁੱਲ੍ਹਿਆ
ਸੂਰਿਆ ਇਨਕਲੇਵ-ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨੂੰ ਨਗਰ ਨਿਗਮ ਨੂੰ ਟ੍ਰਾਂਸਫਰ ਕਰਨ ਦੀ ਮਨਜ਼ੂਰੀ, ਵਿਕਾਸ ਦਾ ਰਾਹ ਖੁੱਲ੍ਹਿਆ
Publish Date: Wed, 19 Nov 2025 08:29 PM (IST)
Updated Date: Thu, 20 Nov 2025 04:08 AM (IST)

ਸੂਰਿਆ ਇਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਾਸੀਆਂ ਵੱਲੋਂ ਕੋਹਲੀ ਦਾ ਧੰਨਵਾਦ, ਨਿਤਿਨ ਕੋਹਲੀ ਦੀ ਕੋਸ਼ਿਸ਼ ਨਾਲ 18 ਸਾਲ ਬਾਅਦ ਮਿਲੀ ਕਾਲੋਨੀਆਂ ਨੂੰ ਰਾਹਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੂਰਿਆ ਇਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨੂੰ ਨਗਰ ਨਿਗਮ ਅਧੀਨ ਕੀਤੇ ਜਾਣ ’ਤੇ ਦੋਵਾਂ ਕਾਲੋਨੀਆ ਦੀਆ ਐਸੋਸੀਏਸ਼ਨਾਂ ਤੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਧੰਨਵਾਦ ਕੀਤਾ ਹੈ। ਲੋਕਲ ਬਾਡੀ ਡਿਪਾਰਟਮੈਂਟ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ 18 ਸਾਲ ਬਾਅਦ ਇਨ੍ਹਾਂ ਕਾਲੋਨੀਆਂ ’ਚ ਵਿਕਾਸ ਦਾ ਰਾਹ ਸਾਫ਼ ਹੋ ਗਿਆ ਹੈ। ਹੁਣ ਇੱਥੇ ਨਗਰ ਨਿਗਮ ਵੱਲੋਂ ਸੜਕਾਂ ਦਾ ਨਿਰਮਾਣ, ਸੀਵਰੇਜ-ਪਾਣੀ, ਸਟ੍ਰੀਟ ਲਾਈਟਾਂ ਸਮੇਤ ਸਭ ਵਿਕਾਸ ਕਾਰਜ ਕੀਤੇ ਜਾਣਗੇ। ਲੋਕਾਂ ਦੀ ਮੰਗ ’ਤੇ ਨਿਤਿਨ ਕੋਹਲੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਕੋਸ਼ਿਸ਼ ’ਤੇ ਇੰਪ੍ਰੂਵਮੈਂਟ ਟਰੱਸਟ ਨੇ ਦੋਵੇਂ ਕਾਲੋਨੀਆਂ ਨੂੰ ਨਗਰ ਨਿਗਮ ਨੂੰ ਹੈਂਡ ਓਵਰ ਕਰਨ ਲਈ ਪੱਤਰ ਜਾਰੀ ਕੀਤਾ ਸੀ। ਇਸ ਤੋਂ ਬਾਅਦ ਨਗਰ ਨਿਗਮ ਨੇ ਲੋਕਲ ਬਾਡੀ ਡਿਪਾਰਟਮੈਂਟ ਤੋਂ ਮਨਜ਼ੂਰੀ ਮੰਗੀ ਸੀ, ਜੋ ਦੇ ਦਿੱਤੀ ਗਈ। ਆਪ ਆਗੂ ਨਿਤਿਨ ਕੋਹਲੀ ਨੇ ਕਿਹਾ ਕਿ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਇੱਥੇ ਰੁਕੇ ਹੋਏ ਵਿਕਾਸ ਕੰਮ ਸ਼ੁਰੂ ਕੀਤੇ ਜਾ ਸਕਣਗੇ। ਇਥੋਂ ਦੇ ਪਲਾਟਾਂ ਨਾਲ ਸਬੰਧਤ ਕਈ ਕਾਰਵਾਈਆ ਵੀ ਆਸਾਨ ਹੋਣਗੀਆਂ। ਕੋਹਲੀ ਨੇ ਕਿਹਾ ਕਿ ਸੂਰਿਆ ਇਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਮਸਲੇ ਹਮੇਸ਼ਾ ਉਨ੍ਹਾਂ ਦੀ ਪਹਿਲ ’ਤੇ ਰਹੇ ਹਨ। ਇਹ ਇਲਾਕਾ ਲੰਬੇ ਸਮੇਂ ਤੋਂ ਵਿਕਾਸ ਤੋਂ ਵਾਂਝਾ ਰਿਹਾ ਹੈ। ਹੁਣ ਇਹ ਕਾਲੋਨੀਆਂ ਨਗਰ ਨਿਗਮ ਦੇ ਅਧੀਨ ਆਉਣ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਸਰਕਾਰ ਤੋਂ ਵੀ ਫੰਡ ਲਿਆ ਜਾਵੇਗਾ। ਮੇਅਰ ਵਿਨੀਤ ਧੀਰ ਨੇ ਵੀ ਇਸ ਮਨਜ਼ੂਰੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਿਤਿਨ ਕੋਹਲੀ ਨੇ ਇਸ ਮਾਮਲੇ ਨੂੰ ਲਗਾਤਾਰ ਚੁੱਕਿਆ ਤੇ ਹਰ ਮੀਟਿੰਗ ਤੇ ਫਾਲੋਅਪ ਕੀਤਾ। ਟੁੱਟੀਆਂ ਸੜਕਾਂ, ਬੰਦ ਲਾਈਟਾਂ, ਠੱਪ ਸੀਵਰੇਜ ਕਾਰਨ ਲੋਕ ਸੀ ਪਰੇਸ਼ਾਨ ਸੂਰਿਆ ਇਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ’ਚ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੀ ਸੀਵਰੇਜ ਲਾਈਨ ਬਹੁਤ ਥਾਵਾਂ ’ਤੇ ਠੱਪ ਪਈ ਹੈ ਤੇ ਸੀਵਰੇਜ ਦਾ ਪਾਣੀ ਸੜਕਾਂ ’ਤੇ ਖੜ੍ਹਾ ਰਹਿੰਦਾ ਹੈ। ਸਟ੍ਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਨੂੰ ਅਪਰਾਧਿਕ ਘਟਨਾਵਾਂ ਵੀ ਹੋ ਰਹੀਆਂ ਹਨ ਤੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਸਮੱਸਿਆਵਾਂ ਪ੍ਰਾਪਰਟੀ ਰੇਟਾਂ ’ਤੇ ਵੀ ਅਸਰ ਪਾ ਰਹੀਆਂ ਹਨ। ਨਗਰ ਨਿਗਮ ਨੂੰ ਟ੍ਰਾਂਸਫਰ ਹੋਣ ਤੋਂ ਬਾਅਦ ਸੜਕਾਂ ਦੀ ਉਸਾਰੀ, ਨਵੇਂ ਰਾਊਂਡਅਬਾਊਟ, ਪਾਰਕਾਂ ਦੀ ਮੁਰੰਮਤ, ਨਵਾਂ ਖੇਡ ਸਟੇਡੀਅਮ, ਆਧੁਨਿਕ ਲਾਈਟਿੰਗ ਸਿਸਟਮ ਤੇ ਹੋਰ ਬੁਨਿਆਦੀ ਸੁਵਿਧਾਵਾਂ ’ਚ ਤੇਜ਼ੀ ਦੀ ਉਮੀਦ ਹੈ। ਕਾਲੋਨੀਆਂ ਦੀਆਂ ਸੁਸਾਇਟੀਆਂ ਨੇ ਕੀਤਾ ਸਵਾਗਤ ਸੂਰਿਆ ਇਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨੂੰ ਨਗਰ ਨਿਗਮ ’ਚ ਟ੍ਰਾਂਸਫਰ ਕਰਨ ਦੇ ਫ਼ੈਸਲੇ ਦਾ ਇੱਥੋਂ ਦੀਆਂ ਵੈੱਲਫੇਅਰ ਸੋਸਾਇਟੀਆਂ ਨੇ ਸਵਾਗਤ ਕੀਤਾ ਹੈ। ਸੂਰਿਆ ਇਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜੀਵ ਧਮੀਜਾ ਨੇ ਕਿਹਾ ਕਿ ਨਿਤਿਨ ਕੋਹਲੀ ਨੇ ਇਕ ਬਹੁਤ ਗੁੰਝਲਦਾਰ ਤੇ ਸਾਲਾਂ ਤੋਂ ਲਟਕਦੇ ਮਾਮਲੇ ਨੂੰ ਗੰਭੀਰਤਾ ਤੇ ਨਿਰੰਤਰਤਾ ਨਾਲ ਅੱਗੇ ਵਧਾਇਆ ਹੈ। ਸ਼ੌਰਿਆ ਗ੍ਰੀਨ ਰੈਜ਼ੀਡੈਂਟਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਪਠਾਨੀਆ ਤੇ ਜਨਰਲ ਰਾਕੇਸ਼ ਬਹਿਲ ਨੇ ਕਿਹਾ ਕਿ ਨਿਤਿਨ ਕੋਹਲੀ ਨੇ ਸੂਰਿਆ ਇਨਕਲੇਵ ਸਮੇਤ ਪੂਰੇ ਖੇਤਰ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝਿਆ ਤੇ ਹੱਲ ਕਰਵਾਇਆ ਹੈ। ਸੂਰਿਆ ਇਨਕਲੇਵ ਡਿਵੈਲਪਮੈਂਟ ਸੋਸਾਇਟੀ ਦੇ ਪ੍ਰਧਾਨ ਐੱਸਕੇ ਤੁਲੀ ਨੇ ਕਿਹਾ ਕਿ ਇਹ ਇਲਾਕਾ ਕਈ ਸਾਲਾਂ ਤੋਂ ਵਿਕਾਸ ਦੀ ਉਡੀਕ ਕਰ ਰਿਹਾ ਸੀ। ਐੱਮਆਰਐੱਸ ਐਵੇਨਿਊ ਦੇ ਨਵੀਨ ਨੇ ਕਿਹਾ ਕਿ ਇਹ ਫ਼ੈਸਲਾ ਨਿਤਿਨ ਕੋਹਲੀ ਦੀ ਕਾਬਿਲ ਲੀਡਰਸ਼ਿਪ ਦਾ ਨਤੀਜਾ ਹੈ। ਇਲਾਕੇ ਦੇ ਸਮਾਜ ਸੇਵੀ ਰੋਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਨਿਤਿਨ ਕੋਹਲੀ ਦੀ ਅਗਵਾਈ ਨਾਲ ਖੇਤਰ ’ਚ ਭਰੋਸੇ ਤੇ ਵਿਕਾਸ ਦੀ ਨਵੀਂ ਸੋਚ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਕੋਹਲੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਦੇ ਹਨ। ਰਾਜੇਸ਼ ਚੱਢਾ ਨੇ ਕਿਹਾ ਕਿ ਨਿਤਿਨ ਕੋਹਲੀ ਨੇ ਇਸ ਮਸਲੇ ਨੂੰ ਲਗਾਤਾਰ ਫਾਲੋ ਕੀਤਾ ਤੇ ਹਰ ਪੱਧਰ ’ਤੇ ਲੋਕਾਂ ਦੀ ਆਵਾਜ਼ ਬਣੇ ਰਹੇ।