ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰੀ ਡੀਸੀ ਨੇ ਸਹਾਇਕ ਕਮਿਸ਼ਨਰ ਤੋਂ ਮੰਗੀ ਰਿਪੋਰਟ
ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰ ਹੋਣ ਦੀ ਡਿਪਟੀ ਕਮਿਸ਼ਨਰ ਨੇ ਦਿੱਤੇ ਹੁਕਮ
Publish Date: Sat, 15 Nov 2025 09:20 PM (IST)
Updated Date: Sat, 15 Nov 2025 09:23 PM (IST)

-ਸਰਫੇਸ ਵਾਟਰ ਸਮਾਰਟ ਸਿਟੀ ਦਾ ਪ੍ਰਾਜੈਕਟ ਸਤੰਬਰ 2023 ’ਚ ਪੂਰਾ ਹੋਣਾ ਸੀ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਸਮਾਰਟ ਸਿਟੀ ਦੇ ਸਰਫੇਸ ਵਾਟਰ ਪ੍ਰਾਜੈਕਟ ਦੇ ਕੰਮ ’ਚ ਦੇਰੀ ਹੋਣ ਦਾ ਸਖਤ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਪ੍ਰਾਜੈਕਟ ’ਚ ਦੇਰੀ ਹੋਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਸ ਦੀ ਜਾਂਚ ਸਹਾਇਕ ਕਮਿਸ਼ਨਰ, ਜਨਰਲ ਨੂੰ ਕਰਨ ਲਈ ਕਿਹਾ ਹੈ ਤੇ ਇਸ ਦੀ ਰਿਪੋਰਟ ਇਕ ਹਫਤੇ ’ਚ ਮੰਗੀ ਹੈ। ਇਹ ਜ਼ਿਕਰਯੋਗ ਹੈ ਕਿ ਉਕਤ ਪ੍ਰਾਜੈਕਟ ਜਿਹੜਾ ਕਿ ਲਗਪਗ 600 ਕਰੋੜ ਦਾ ਹੈ, ਜਿਸ ’ਚ 60..65 ਕਰੋੜ ਪ੍ਰਾਜੈਕਟ ਦੇ ਰੱਖ-ਰਖਾਅ ਲਈ ਵੀ ਸ਼ਾਮਲ ਹੈ, ਸਤੰਬਰ 2020 ’ਚ ਸ਼ੁਰੂ ਹੋ ਕੇ ਸਤੰਬਰ 2023 ’ਚ ਪੂਰਾ ਹੋਣਾ ਸੀ ਤੇ ਹੁਣ ਇਸ ਪ੍ਰਾਜੈਕਟ ’ਚ ਲਗਪਗ ਸਵਾ ਸਾਲ ਦੀ ਦੇਰੀ ਹੋ ਗਈ ਹੈ ਤੇ ਇਹ ਪ੍ਰਾਜੈਕਟ ਅਧੂਰਾ ਚੱਲ ਰਿਹਾ ਹੈ। ਇਸ ’ਚ 465 ਕਰੋੜ ਪ੍ਰਾਜੈਕਟ ਦਾ ਜਾਣਕਾਰੀ ਅਨੁਸਾਰ ਹੁਣ ਤੱਕ ਪ੍ਰਾਜੈਕਟ ਦਾ ਸਿਰਫ 78 ਫੀਸਦੀ ਕੰਮ ਹੀ ਪੂਰਾ ਹੋਇਆ ਹੈ, ਜੋ ਨਿਰਧਾਰਤ ਸਮਾਂ ਹੱਦ ਤੋਂ ਪਿੱਛੇ ਹੈ। ਇਹ ਪ੍ਰਾਜੈਕਟ ਬਿਸਤ ਦੁਆਬ ਨਹਿਰ ਦੇ ਪਾਣੀ ਨੂੰ ਰਿਫਾਇੰਡ ਕਰਕੇ ਲੋਕਾਂ ਪੀਣ ਲਈ ਪਾਣੀ ਮੁਹੱਈਆ ਕਰਾਏਗਾ। ਬਿਸਤ ਦੁਆਬ ਦਾ ਹੈੱਡ ਵਪਰਕਸ ਆਦਮਪੁਰ ਦੇ ਪਿੰਡ ਜਗਰਾਵਾਂ ਵਿਖੇ ਪੈਂਦਾ ਹੈ, ਜਿਥੋਂ ਇਸ ਪ੍ਰਾਜੈਕਟ ਲਈ ਪਾਣੀ ਲੈ ਕੇ ਰਿਫਾਇੰਡ ਕੀਤਾ ਜਾਏਗਾ। ਪ੍ਰਾਜੈਕਟ ਪੂਰਾ ਹੋਣ ’ਚ ਦੇਰੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ’ਚ ਸੜਕਾਂ ਤੇ ਟੋਏ, ਧੂੜ, ਪ੍ਰਦੂਸ਼ਣ ਤੇ ਟ੍ਰੈਫਿਕ ਭੀੜ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਤੋਂ ਪੈਦਾ ਹੋਈ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਡਾ. ਅਗਰਵਾਲ ਨੇ ਸਹਾਇਕ ਕਮਿਸ਼ਨਰ (ਜਨਰਲ), ਜਲੰਧਰ ਨੂੰ ਮਾਮਲੇ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਮੌਜੂਦਾ ਭੌਤਿਕ ਤੇ ਵਿੱਤੀ ਪ੍ਰਗਤੀ ਦਾ ਮੁਲਾਂਕਣ ਕਰਨ, ਦੇਰੀ ਦੇ ਕਾਰਨਾਂ ਦੀ ਪਛਾਣ ਕਰਨ, ਐਗਜ਼ੀਕਿਊਟਿੰਗ ਏਜੰਸੀ ਵੱਲੋਂ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਦੀ ਜਾਂਚ ਕਰਨ ਤੇ ਸਬੰਧਤ ਵਿਭਾਗਾਂ ਵੱਲੋਂ ਨਿਗਰਾਨੀ ਯਤਨਾਂ ਦੀ ਸਮੀਖਿਆ ਕਰਨ ਤੇ ਕੇਂਦ੍ਰਿਤ ਹੋਵੇਗੀ। ਇਹ ਵਰਨਣਯੋਗ ਹੈ ਕਿ ਉਕਤ ਪ੍ਰਾਜੈਕਟ ਰਾਹੀਂ ਸ਼ਹਿਰੀਆਂ ਨੂੰ 24 ਘੰਟੇ ਨਿਰਵਿਘਨ ਪੀਣ ਦੇ ਪਾਣੀ ਦੀ ਸਪਲਾਈ ਦੇਣਾ ਸ਼ਾਮਲ ਹੈ ਤੇ ਪਾਣੀ ਦੀ ਸਪਲਾਈ ਲਈ ਸ਼ਹਿਰੀਆਂ ਦੇ ਘਰਾਂ ’ਚ ਵਾਟਰ ਮੀਟਰ ਲਗਾਉਣਾ ਸ਼ਾਮਲ ਹੈ। ਇਹ ਪ੍ਰਾਜੈਕਟ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਸੀ ਤੇ ਫਿਰ ਸਰਕਾਰ ਬਦਲੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਸ ਨੇ ਇਸ ਪ੍ਰਾਜੈਕਟ ਵੱਲ ਧਿਆਨ ਨਹੀਂ ਦਿੱਤਾ ਤੇ ਇਸ ਦੌਰਾਨ ਜਦੋਂ ਇਕ ਸਾਲ ਬੀਤ ਗਿਆ ਤਾਂ ਫਿਰ ਸਰਕਾਰ ਇਸ ਪ੍ਰਾਜੈਕਟ ਸਮੇਂ ਸਰਗਰਮ ਹੋਈ ਸੀ ਤੇ ਫਿਰ ਇਹ ਪ੍ਰਾਜੈਕਟ ਸ਼ੁਰੂ ਤਾਂ ਹੋਇਆ ਪਰ ਰਫਤਾਰ ਨਹੀ ਫੜ ਸਕਿਆ ਸੀ। --- ਸੀਵਰੇਜ ਬੋਰਡ ਦੇ ਅਧੀਨ ਹੈ ਪ੍ਰਾਜੈਕਟ ਉਕਤ ਸਰਫੇਸ ਵਾਟਰ ਪ੍ਰਾਜੈਕਟ ਸੀਵਰੇਜ ਬੋਰਡ ਦੇ ਅਧੀਨ ਹੈ ਤੇ ਸੀਵਰੇਜ ਬੋਰਡ ਵੱਲੋਂ ਮੈਨਬਰੋ ਚੌਕ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਤੇ ਮਹਾਂਵੀਰ ਮਾਰਗ ਤੱਕ ਜਿਹੜੀ ਪਾਈਪ ਪਾਉਣ ਲਈ ਸੜਕਾਂ ਪੁੱਟੀਆਂ ਸਨ, ਉਨ੍ਹਾਂ ਮੁੜ ਬਣਾਉਣ ਲਈ ਸਹੀ ਤਰੀਕੇ ਨਾਲ ਮਿੱਟੀ ਤੇ ਹੋਰ ਰੋੜੀ ਆਦਿ ਨਹੀਂ ਪਾਈ ਗਈ ਜਿਸ ਕਾਰਨ ਜਦੋਂ ਸੜਕ ਕਈ ਵਾਰ ਬਹਿੰਦੀ ਰਹੀ ਹੈ। ਇਸੇ ਤਰ੍ਹਾਂ ਹੀ ਮਹਾਂਵੀਰ ਮਾਰਗ ਦਾ ਹਾਲ ਹੈ। --- ਸੀਵਰੇਜ ਬੋਰਡ ਦੀ ਦੇਰੀ ਕਾਰਨ ਸੜਕ ਬਣਾਉਣ ਦਾ ਕੰਮ ਪ੍ਰਭਾਵਿਤ ਇਸ ਦੌਰਾਨ ਨਗਰ ਨਿਗਮ ਦੇ ਬੀਐਂਡਆਰ ਦੇ ਐੱਸਈ ਰਜਨੀਸ਼ ਡੋਗਰਾ ਅਨੁਸਾਰ ਜਦੋਂ ਸੀਵਰੇਜ ਬੋਰਡ ਨੇ ਉਕਤ ਚੌਕਾਂ ’ਚ ਪਾਈਪ ਪਾਉਣ ਦੇ ਬਾਅਦ ਸਹੀ ਤਰੀਕੇ ਨਾਲ ਮਿੱਟੀ, ਰੋੜੀ ਤੇ ਹੋਰ ਮਟੀਰੀਅਲ ਸਹੀ ਨਾ ਪਾਏ ਜਾਣ ’ਤੇ ਪੱਤਰ ਲਿਖੇ ਗਏ ਕਿ ਇਸ ਨੂੰ ਠੀਕ ਕੀਤਾ ਜਾਏ ਕਿਉਂਕਿ ਉਕਤ ਚੌਕਾਂ ਦੀ ਸੜਕ ਵਾਰ-ਵਾਰ ਬੈਠ ਰਹੀ ਹੈ ਪਰ ਸੀਵਰੇਜ ਬੋਰਡ ਇਸ ਦੇ ਜਵਾਬ ’ਚ ਮਟੀਰੀਅਲ ਸਹੀ ਹੋਣ ਦਾ ਜਵਾਬ ’ਚ ਦਾਅਵਾ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਕੰਮ ’ਚ ਦੇਰੀ ਕਾਰਨ ਸੜਕਾਂ ਬਣਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਹੁਣ ਨਗਰ ਨਿਗਮ ਸੜਕਾਂ ਦਾ ਸਹੀ ਲੈਵਲ ਬਣਾਉਣ ਲਈ ਪਾਣੀ ਛੱਡ ਕੇ ਸੜਕ ਦਾ ਬੇਸ ਬਣਾ ਰਹੀ ਹੈ ਤੇ ਉਸ ਦੇ ਬਾਅਦ ਹੀ ਸੜਕਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। --- ਪ੍ਰਾਜੈਕਟ ਪੂਰਾ ਹੋਣ ’ਤੇ 90 ਫੀਸਦੀ ਟਿਊਬਵੈੱਲਾਂ ਦੀ ਜ਼ਰੂਰਤ ਨਹੀਂ ਰਹੇਗੀ ਜੇ ਸਰਫੇਸ ਵਾਟਰ ਪ੍ਰਾਜੈਕਟ ਪੂਰਾ ਹੁੰਦਾ ਹੈ ਤਾਂ ਨਗਰ ਨਿਗਮ ਦੇ ਲਗਪਗ 630 ਟਿਊਬਵੈਲਾਂ ’ਚੋਂ 90 ਫੀਸਦੀ ਦੀ ਜ਼ਰੂਰਤ ਨਹੀਂ ਰਹੇਗੀ ਤੇ ਇਸ ਨਾਲ ਨਗਰ ਨਿਗਮ ਦੇ ਬਿਜਲੀ ਦੇ ਬਿੱਲ ਵੀ ਘਟਣਗੇ ਤੇ ਨਿਗਮ ਨੂੰ ਹਰ ਮਹੀਨੇ 630 ਟਿੳਬਵੈੱਲਾਂ ਦੇ ਲੱਖਾਂ ਰੁਪਏ ਦੇ ਬਿੱਲਾਂ ਦੀ ਬਚਤ ਹੋਵੇਗੀ ਤੇ ਉਸ ਨੂੰ ੳਲਟਾ ਵਾਟਰ ਮੀਟਰ ਲੱਗਣ ਨਾਲ ਪਾਣੀ ਦੇ ਬਿਲਾਂ ਤੋਂ ਵਧੇਰੇ ਰੈਵੀਨਿਊ ਆਏਗਾ ਤੇ 5 ਮਰਲੇ ਦੇ ਮਫਤ ਪਾਣੀ ਦੀ ਸਹੂਲਤ ਵੀ ਖਤਮ ਹੋ ਸਕਦੀ ਹੈ ਤੇ ਲੋਕਾਂ ਦੀਆਂ ਪਾਣੀ ਨਾ ਆਉਣ ਦੀਆਂ ਸ਼ਿਕਾਇਤਾਂ ਤੋਂ ਵੀ ਨਗਰ ਨਿਗਮ ਨੂੰ ਨਿਜਾਤ ਮਿਲੇਗੀ।