ਸੁਮਿਤ ਹੱਤਿਆਕਾਂਡ ਦੇ ਮੁਲਜ਼ਮ ਮਹੀਨੇ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਦੂਰ
-ਲੋਕੇਸ਼ਨ ਬਦਲ ਕੇ ਪੁਲਿਸ
Publish Date: Sat, 22 Nov 2025 09:18 PM (IST)
Updated Date: Sat, 22 Nov 2025 09:19 PM (IST)

-ਲੋਕੇਸ਼ਨ ਬਦਲ ਕੇ ਪੁਲਿਸ ਨੂੰ ਦੇ ਰਹੇ ਨੇ ਚਕਮਾ, ਕਈ ਸੂਬਿਆਂ ਦੀ ਪੁਲਿਸ ਦੀ ਮਦਦ ਲਈ ਗਈ ਜਾਸ, ਜਲੰਧਰ : ਰਾਮਾ ਮੰਡੀ ਵਿਚ 20 ਅਕਤੂਬਰ ਨੂੰ ਹੋਏ ਸੁਮਿਤ ਹੱਤਿਆਕਾਂਡ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਪੁਲਿਸ ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਹੱਤਿਆ ਤੋਂ ਬਾਅਦ ਮੁਲਜ਼ਮ ਲਗਾਤਾਰ ਆਪਣੀ ਲੋਕੇਸ਼ਨ ਬਦਲਦੇ ਰਹੇ, ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ਦੀ ਗ੍ਰਿਫਤਾਰੀ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵਿਚ ਜਲੰਧਰ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਲੁਧਿਆਣਾ ਤੇ ਕੁਰੂਕਸ਼ੇਤਰ ਪੁਲਿਸ ਨਾਲ ਵੀ ਸਹਿਯੋਗ ਵਧਾਉਂਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਵਾਰਦਾਤ ਦੇ ਫੌਰੀ ਬਾਅਦ ਮੁਲਜ਼ਮ ਜਲੰਧਰ ਤੋਂ ਲੁਧਿਆਣਾ ਪੁੱਜੇ। ਉੱਥੋਂ ਉਹ ਵੱਖ-ਵੱਖ ਰਸਤਿਓਂ ਹੁੰਦੇ ਹੋਏ ਪਹਿਲੀ ਵਾਰੀ ਹਰਿਦੁਆਰ ’ਚ ਟਰੇਸ ਕੀਤੇ ਗਏ। ਜਾਂਚ ਟੀਮਾਂ ਨੇ ਹਰਿਦੁਆਰ ’ਚ ਕਈ ਸਥਾਨਾਂ ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਪਹਿਲਾਂ ਹੀ ਉੱਥੋਂ ਨਿਕਲ ਚੁੱਕੇ ਸਨ। ਹਰਿਦੁਆਰ ਮਗਰੋਂ ਉਨ੍ਹਾਂ ਦੀ ਲੋਕੇਸ਼ਨ ਕੁਰੂਕਸ਼ੇਤਰ ’ਚ ਮਿਲੀ। ਇਸ ਦੌਰਾਨ ਅਚਾਨਕ ਉਨ੍ਹਾਂ ਦੇ ਸਾਰੇ ਮੋਬਾਈਲ ਫੋਨ ਬੰਦ ਹੋ ਗਏ, ਜਿਸ ਨਾਲ ਅਗਲੀ ਲੋਕੇਸ਼ਨ ਟ੍ਰੈਕ ਕਰਨੀ ਮੁਸ਼ਕਲ ਹੋ ਗਈ। ਪੁਲਿਸ ਨੇ ਇਸ ਮਾਮਲੇ ’ਚ ਕਈ ਲੋਕਾਂ ਨੂੰ ਪੁੱਛਗਿੱਛ ਲਈ ਸ਼ਾਮਲ ਕੀਤਾ ਪਰ ਇਸ ਦੇ ਬਾਵਜੂਦ ਮੁਲਜ਼ਮ ਅਜੇ ਤੱਕ ਗ੍ਰਿਫਤ ’ਚੋਂ ਬਾਹਰ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮ ਆਪਣੇ ਫੋਨ ਬੰਦ ਕਰਕੇ ਤੇ ਲੋਕੇਸ਼ਨ ਬਦਲ ਕੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਜਲੰਧਰ ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਜ਼ਿਆਦਾ ਸਮੇਂ ਤੱਕ ਫਰਾਰ ਨਹੀਂ ਰਹਿ ਸਕਣਗੇ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਟੀਮਾਂ ਲਗਾਤਾਰ ਉਨ੍ਹਾਂ ਦੀ ਭਾਲ ’ਚ ਜੁਟੀਆਂ ਹੋਈਆਂ ਹਨ ਤੇ ਕਈ ਸੂਬਿਆਂ ’ਚ ਸੰਭਾਵਿਤ ਟਿਕਾਣਿਆਂ ’ਤੇ ਨਜ਼ਰ ਰੱਖੀ ਹੋਈ ਹੈ।