ਹੌਸਲੇ ਦੀ ਉਡਾਣ ਨਾਲ ਹਾਸਲ ਕੀਤੀ ਸਫਲਤਾ

ਕਮਲ ਕਿਸ਼ੋਰ, ਜਾਗਰਣ, ਜਲੰਧਰ : ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ’ਚ ਜਾਨ ਹੁੰਦੀ ਹੈ....। “ਖੰਭਾਂ ਨਾਲ ਨਹੀਂ, ਹੌਸਲਿਆਂ ਨਾਲ ਉਡਾਣ ਹੁੰਦੀ ਹੈ” ਇਹ ਕਹਾਵਤ ਅਕਸਰ ਸੁਣੀ ਜਾਂਦੀ ਹੈ ਪਰ ਪੰਜਾਬ ਦੇ ਦਿਵਿਆਂਗ ਕ੍ਰਿਕਟਰਾਂ ਨੇ ਇਸਨੂੰ ਹਕੀਕਤ ’ਚ ਕਰ ਦਿਖਾਇਆ ਹੈ। ਅਕਸਰ ਲੋਕ ਆਪਣੀ ਕਮਜ਼ੋਰੀ ਤੋਂ ਹਾਰ ਮੰਨ ਲੈਂਦੇ ਹਨ ਪਰ ਇਨ੍ਹਾਂ ਦਿਵਿਆਂਗ ਖਿਡਾਰੀਆਂ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾਇਆ ਹੈ। ਅੱਜ ਇਹ ਖਿਡਾਰੀ ਨਾ ਸਿਰਫ਼ ਬਿਹਤਰ ਬੱਲੇਬਾਜ਼ ਹਨ, ਸਗੋਂ ਸ਼ਾਨਦਾਰ ਗੇਂਦਬਾਜ਼ ਤੇ ਵਿਕਟਕੀਪਰ ਵੀ ਹਨ, ਜੋ ਜ਼ਿਲ੍ਹਾ, ਰਾਜ, ਜ਼ੋਨਲ ਤੇ ਰਾਸ਼ਟਰੀ ਪੱਧਰ ’ਤੇ ਆਪਣਾ ਨਾਮ ਕਮਾ ਰਹੇ ਹਨ।
22 ਸਾਲ ਦੀ ਉਮਰ ’ਚ ਹਾਦਸਾ, ਲੱਤ ਟੁੱਟੀ ਪਰ ਹਿੰਮਤ ਨਾ ਹਾਰੀ
ਪੰਜਾਬ ਦਿਵਿਆਂਗ ਟੀਮ ਦੇ ਖਿਡਾਰੀ ਵਿਜੇ ਕੁਮਾਰ ਨੂੰ ਬਚਪਨ ਤੋਂ ਕ੍ਰਿਕਟ ਖੇਡਣ ਦਾ ਸ਼ੌਂਕ ਸੀ। 22 ਸਾਲ ਦੀ ਉਮਰ ’ਚ ਸੜਕ ਹਾਦਸਾ ਹੋਇਆ ਜਿਸ ’ਚ ਸੱਜੀ ਲੱਤ ਬਹੁਤ ਜ਼ਿਆਦਾ ਜ਼ਖਮੀ ਹੋ ਗਈ। ਚੱਲਣਾ ਤੱਕ ਮੁਸ਼ਕਲ ਹੋ ਗਿਆ। ਲੱਤ ’ਚ ਲੋਹੇ ਦੀ ਰਾਡ ਪਾਈ ਗਈ, ਜਿਸ ਕਾਰਨ ਅਜੇ ਵੀ ਢੰਗ ਨਾਲ ਨਹੀਂ ਤੁਰਿਆ ਜਾਂਦਾ ਪਰ ਕ੍ਰਿਕਟ ਦਾ ਜਨੂੰਨ ਨਹੀਂ ਛੱਡਿਆ। ਗਲੀ ਕ੍ਰਿਕਟ ਤੋਂ ਸ਼ੁਰੂਆਤ ਕੀਤੀ ਤੇ ਦਿਵਿਆਂਗ ਟੀਮ ਬਾਰੇ ਪਤਾ ਲੱਗਣ ’ਤੇ ਵਾਪਸ ਖੇਡ ਨਾਲ ਜੁੜੇ। ਵਿਜੇ ਕੁਮਾਰ ਦੱਸਦੇ ਹਨ ਕਿ ਲੱਤ ਖਰਾਬ ਹੋਣ ਦਾ ਗਮ ਤਾਂ ਸੀ ਪਰ ਹੌਸਲਾ ਨਹੀਂ ਟੁੱਟਣ ਦਿੱਤਾ। ਅੱਜ ਪੰਜਾਬ ਟੀਮ ’ਚ ਬੱਲੇਬਾਜ਼ੀ ਕਰ ਰਿਹਾ ਹਾਂ। ਸਕੋਰ ਦੀ ਗੱਲ ਕਰੀਏ ਤਾਂ ਦੋ ਸ਼ਤਕ ਤੇ ਦਸ ਅਰਧਸ਼ਤਕ ਲਾ ਚੁੱਕਾ ਹਾਂ।
ਟੋਕੇ ’ਚ ਹੱਥ ਆ ਗਿਆ ਪਰ 9 ਸਾਲ ਦੀ ਉਮਰ ਤੋਂ ਖੇਡ ਰਹੇ ਹਨ ਕ੍ਰਿਕਟ
ਫ਼ਾਜ਼ਿਲਕਾ ਦੇ ਪਿੰਡ ਕਮਾਲਵਾਲਾ ਦੇ ਅਵਤਾਰ ਭੁੱਲਰ, ਜੋ ਕਿ ਗਾਇਕ ਗੁਰਨਾਮ ਭੁੱਲਰ ਦੇ ਭਰਾ ਹਨ ਸੱਤ ਸਾਲ ਦੀ ਉਮਰ ’ਚ ਪੱਠੇ ਕੁਤਰਨ ਵਾਲੀ ਮਸ਼ੀਨ ’ਚ ਖੱਬਾ ਹੱਥ ਗੁਆ ਬੈਠੇ। ਕ੍ਰਿਕਟ ਦਾ ਸ਼ੌਂਕ ਬਚਪਨ ਤੋਂ ਸੀ ਪਰ ਹੱਥ ਕੱਟਣ ਤੋਂ ਬਾਅਦ ਲੱਗਾ ਕਿ ਸੁਪਨਾ ਟੁੱਟ ਗਿਆ ਪਰ ਹਾਰ ਨਹੀਂ ਮੰਨੀ ਇਕ ਹੱਥ ਨਾਲ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਬੋਲਿੰਗ ’ਚ ਆਪਣਾ ਕਰੀਅਰ ਬਣਾਇਆ। ਅੱਜ ਤੱਕ ਜ਼ਿਲ੍ਹਾ, ਰਾਜ, ਜ਼ੋਨਲ ਤੇ ਰਾਸ਼ਟਰੀ ਪੱਧਰ ’ਤੇ 90 ਵਿਕਟਾਂ ਹਾਸਲ ਕਰ ਚੁੱਕੇ ਹਨ। ਅਵਤਾਰ ਕਹਿੰਦੇ ਹਨ ਕਿ ਹੱਥ ਕੱਟਣ ਨਾਲ ਸੁਪਨਾ ਟੁੱਟਦਾ ਜਿਹਾ ਲੱਗਾ ਸੀ ਪਰ ਹਿੰਮਤ ਨਹੀਂ ਹਾਰੀ। ਦਿਵਿਆਂਗ ਟੀਮ ’ਚ ਟ੍ਰਾਇਲ ਦਿੱਤਾ ਤੇ ਆਪਣਾ ਰਸਤਾ ਬਣਾਇਆ।
ਬਚਪਨ ਤੋਂ ਹੀ ਪੋਲਿਓ ਪਰ ਕਦੇ ਆਪਣੇ-ਆਪ ਨੂੰ ਹਾਰਿਆ ਨਹੀਂ ਮੰਨਿਆ
ਮੋਗਾ ਦੇ ਅਜੀਤਵਾਲ ਪਿੰਡ ਦੇ ਗੁਰਦੀਪ ਸਿੰਘ ਕਾਲਾ ਬਚਪਨ ’ਚ ਪੋਲਿਓ ਨਾਲ ਪ੍ਰਭਾਵਿਤ ਹੋਏ। ਕਈ ਲੋਕ ਮੰਦ ਵਿਚਾਰ ਦਿੰਦੇ ਸਨ, “ਪੋਲਿਓ ਹੈ ਤਾਂ ਕ੍ਰਿਕਟ ਕਿਉਂ ਖੇਡਦਾ ਹੈ?” ਪਰ ਇਨਾਂ ਨੇ ਕਿਸੇ ਦੀ ਨਾ ਸੁਣੀ। ਮਿਹਨਤ ਕਰਦੇ ਰਹੇ, 14 ਸਾਲ ਦੀ ਉਮਰ ਤੋਂ ਗੰਭੀਰਤਾ ਨਾਲ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਮੋਗਾ ਕਲੱਬ ਤੋਂ ਤੇ ਪੇਂਡੂ ਕ੍ਰਿਕਟ ਲੀਗ ’ਚ ਖੇਡਦੇ ਰਹੇ। ਗੁਰਦੀਪ ਕਹਿੰਦੇ ਹਨ ਕਿ ਪੋਲਿਓ ਹੋਣ ਦੇ ਬਾਵਜੂਦ ਕਦੇ ਹਾਰ ਨਹੀਂ ਮੰਨੀ। ਸੁਪਨਾ ਸੀ ਕੁਝ ਕਰ ਦਿਖਾਉਣ ਦਾ ਉਹੀ ਕਰ ਰਿਹਾ ਹਾਂ।
ਹੱਥ ਕੱਟਿਆ ਪਰ ਹਿੰਮਤ ਨਹੀਂ ਟੁੱਟਣ ਦਿੱਤੀ
ਫ਼ਿਰੋਜ਼ਪੁਰ ਦੇ ਅਮਰੀਕ ਸਿੰਘ 11 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਦੇ ਆ ਰਹੇ ਹਨ। ਚਾਰਾ ਕੱਟਣ ਵਾਲੀ ਮਸ਼ੀਨ ’ਚ ਹੱਥ ਆ ਗਿਆ ਤੇ ਹੱਥ ਕੱਟ ਗਿਆ। ਸੁਪਨਾ ਧੁੰਧਲਾ ਜਿਹਾ ਹੋ ਗਿਆ ਪਰ ਪਰਿਵਾਰ ਨੇ ਹੌਸਲਾ ਦਿੱਤਾ। ਇਕ ਹੱਥ ਨਾਲ ਗੇਂਦਬਾਜ਼ੀ ਤੇ ਖੱਬੇ ਹੱਥ ਨਾਲ ਬੱਲੇਬਾਜ਼ੀ ਕਰਦੇ ਹਨ। ਹੁਣ ਤੱਕ ਤਿੰਨ ਅਰਧਸ਼ਤਕ ਲਾ ਚੁੱਕੇ ਹਨ। ਅਮਰੀਕ ਕਹਿੰਦੇ ਹਨ ਕਿ ਜੇ ਹਿੰਮਤ ਹਾਰ ਦਿੰਦਾ ਤਾਂ ਕ੍ਰਿਕਟਰ ਨਹੀਂ ਬਣ ਸਕਦਾ ਸੀ।
ਪੋਲਿਓ ਨੂੰ ਹਰਾਇਆ, ਪਟਿਆਲਾ ਦਾ ਗੁਰਪ੍ਰੀਤ ਬਣਿਆ ਆਲਰਾਊਂਡਰ
ਪਟਿਆਲਾ ਦੇ ਗੁਰਪ੍ਰੀਤ ਸਿੰਘ, ਜੋ ਪੋਲਿਓ ਨਾਲ ਪ੍ਰਭਾਵਿਤ ਹਨ, ਨੇ ਕਦੇ ਹਾਰ ਨਹੀਂ ਸਵਿਕਾਰ ਕੀਤੀ। ਪਰਿਵਾਰ ਦੇ ਸਹਿਯੋਗ ਨਾਲ ਕ੍ਰਿਕਟ ਨਾਲ ਜੁੜੇ ਰਹੇ ਤੇ ਅੱਜ ਪੰਜਾਬ ਟੀਮ ’ਚ ਆਲਰਾਊਂਡਰ ਦੀ ਭੂਮਿਕਾ ਨਿਭਾ ਰਹੇ ਹਨ। ਗੁਰਪ੍ਰੀਤ ਦੱਸਦੇ ਹਨ ਕਿ ਸੁਪਨਾ ਹੈ ਕਿ ਇਕ ਦਿਨ ਭਾਰਤ ਦੀ ਟੀਮ ਲਈ ਖੇਡਾਂ। ਪੋਲਿਓ ਨੂੰ ਜੀਵਨ ’ਤੇ ਹਾਵੀ ਨਹੀਂ ਹੋਣ ਦਿੱਤਾ। ਜੋ ਹੋ ਗਿਆ ਉਸ ਬਾਰੇ ਸੋਚਣ ਦੀ ਬਜਾਏ ਆਪਣੇ ਟੀਚੇ ਵੱਲ ਵਧਦਾ ਰਿਹਾ। ਹੁਣ ਟੀਮ ’ਚ ਸ਼ਾਮਲ ਹਾਂ ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹਾਂ।