ਏਪੀਜੇ ਕਾਲਜ ਦੇ ਟੈਕ ਫੈਸਟ ’ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
ਏਪੀਜੇ ਕਾਲਜ ਦੇ 16ਵੇਂ ਇੰਟਰ ਸਕੂਲ ਟੈਕ ਫੈਸਟ ’ਚ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
Publish Date: Fri, 30 Jan 2026 09:00 PM (IST)
Updated Date: Fri, 30 Jan 2026 09:01 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਆਫ਼ ਫ਼ਾਈਨ ਆਰਟਸ ’ਚ 16ਵੇਂ ਇੰਟਰ ਸਕੂਲ ਟੈਕ ਫੈਸਟ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡੀਈਓ ਸੈਕੰਡਰੀ ਡਾ. ਗੁਰਿੰਦਰਜੀਤ ਕੌਰ ਤੇ ਸਮਾਪਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਏਪੀਜੇ ਐਜੂਕੇਸ਼ਨ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਮੌਜੂਦ ਰਹੇ। ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ. ਨੀਰਜਾ ਢੀਂਗਰਾ ਨੇ ਕਿਹਾ ਕਿ ਤੁਹਾਡਾ ਆਗਮਨ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਲਈ ਨਿਸ਼ਚਿਤ ਤੌਰ ‘ਤੇ ਪ੍ਰੇਰਨਾਦਾਇਕ ਹੋਵੇਗਾ। ਡਾ. ਸੁਚਰਿਤਾ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ 41 ਸਾਲ ਏਪੀਜੇ ਕਾਲਜ ਵਿੱਚ ਬਿਤਾਉਂਦੇ ਹੋਏ ਸੁਸ਼ਮਾ ਪਾਲ ਬਰਲੀਆ ਦੇ ਮਾਰਗਦਰਸ਼ਨ ਹੇਠ ਨਿਰੰਤਰ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਨਾ ਕੇਵਲ ਆਪਣੇ ਜੀਵਨ ਦੇ ਟੀਚੇ ਨੂੰ ਹਾਸਲ ਕੀਤਾ ਹੈ, ਸਗੋਂ ਲਗਾਤਾਰ ਮਿਹਨਤ ਕਰਨ ਦੇ ਜਜ਼ਬੇ ਨੂੰ ਵੀ ਆਪਣਾ ਜੀਵਨ ਉਦੇਸ਼ ਬਣਾਇਆ ਹੈ। ਗੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੁਭਾਗ ਹੈ ਕਿ ਮੈਨੂੰ ਇੰਨੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨਾਲ ਰੂਬਰੂ ਹੋਣ ਦਾ ਸੁਨਹਿਰੀ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਕਾਲਜ ਨੇ ਆਪਣੀ ਵਿਰਾਸਤ ਨੂੰ ਜਿਵੇਂ ਸੰਭਾਲ ਕੇ ਰੱਖਿਆ ਹੈ, ਉਹ ਵਾਕਈ ਪ੍ਰਸ਼ੰਸਾ ਜੋਗ ਹੈ। ਟੈਕ ਫੈਸਟ ਦੀ ਸਫਲਤਾ ਲਈ ਡਾ. ਨੀਰਜਾ ਢੀਂਗਰਾ ਨੇ ਓਵਰਆਲ ਇੰਚਾਰਜ ਡਾ. ਰੂਪਾਲੀ ਸੂਦ ਤੇ ਡਾ. ਮੋਨਿਕਾ ਆਨੰਦ, ਕਨਵੀਨਰ ਡਾ. ਜਗਮੋਹਨ ਮਾਗੋ ਤੇ ਡਾ. ਰੇਖਾ ਤੇ ਫੰਕਸ਼ਨ ਇੰਚਾਰਜ ਡਾ. ਮਨੀਸ਼ਾ ਸ਼ਰਮਾ ਤੇ ਪੱਲਵੀ ਮਹਿਤਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।