ਮਜ਼ਦੂਰਾਂ ਨੂੰ ਭੇਜੇ ਜਾ ਰਹੇ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਸਖ਼ਤ ਵਿਰੋਧ
ਮਜ਼ਦੂਰਾਂ ਨੂੰ ਭੇਜੇ ਜਾ ਰਹੇ ਹਜ਼ਾਰਾਂ ਰੁਪਏ ਦੇ ਬਿੱਲਾਂ ਦਾ ਸਖ਼ਤ ਵਿਰੋਧ
Publish Date: Fri, 23 Jan 2026 09:19 PM (IST)
Updated Date: Fri, 23 Jan 2026 09:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਘਰੇਲੂ ਬਿਜਲੀ ਬਿੱਲ ਮਾਫ਼ੀ ਦੇ ਬਾਵਜੂਦ ਮਜ਼ਦੂਰਾਂ ਨੂੰ ਭੇਜੇ ਜਾ ਰਹੇ ਬਿਜਲੀ ਬਿੱਲ ਦੇ ਮਾਮਲੇ ਨੂੰ ਲੈ ਕੇ ਐੱਸਡੀਓ ਤੇ ਐਕਸੀਅਨ ਦੇ ਨਾਂ ਮੰਗ ਪੱਤਰ ਦੇ ਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਮਜ਼ਦੂਰਾਂ ਦੇ ਘਰਾਂ ਦੇ ਮੀਟਰ ਲਾਉਣੇ ਬੰਦ ਕੀਤੇ ਜਾਣ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ ਸਕੱਤਰ ਵਿਜੇ ਬਾਠ ਨੇ ਦੋਸ਼ ਲਾਇਆ ਕਿ ਜਿਨ੍ਹਾਂ ਮਜ਼ਦੂਰਾਂ ਦਾ ਲੋਡ ਕਿੱਲੋ ਵਾਟ ਤੋਂ ਵੀ ਘੱਟ ਹੈ। ਉਨ੍ਹਾਂ ਨੂੰ ਵੀ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਵੱਲੋਂ ਕਈ ਵਾਰ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਕੀਤੀ ਗਈ ਕਿ ਮਾਫ਼ੀ ਦੇ ਬਾਵਜੂਦ ਜਿਹੜੇ ਬਿੱਲ ਮਜ਼ਦੂਰਾਂ ਨੂੰ ਆ ਰਹੇ ਹਨ, ਉਸ ਦੀ ਪੜਤਾਲ ਕੀਤੀ ਜਾਵੇ। ਅੱਜ ਉਨ੍ਹਾਂ ਬਿੱਲਾਂ ਦੀ ਹੀ ਰਕਮ ਹਜ਼ਾਰਾਂ ਤੋਂ ਲੱਖਾਂ ਤਕ ਪਹੁੰਚ ਗਈ ਹੈ। ਜਿਸ ਦੀ ਭਰਪਾਈ ਕਰਨੀ ਮਜ਼ਦੂਰਾਂ ਦੇ ਵਸ ਤੋਂ ਬਾਹਰ ਦੀ ਗੱਲ ਹੈ। ਜਿਹੜਾ ਮਨਰੇਗਾ ਦਾ ਕੰਮ ਚੱਲ ਵੀ ਰਿਹਾ ਸੀ ਉਹ ਵੀ ਲਗਭਗ ਬੰਦ ਹੋ ਗਿਆ ਹੈ। ਇਨ੍ਹਾਂ ਹਾਲਾਤਾਂ ਵਿੱਚ ਮਹਿੰਗਾਈ ਦੇ ਸ਼ਿਕਾਰ ਮਜ਼ਦੂਰ ਕਿਸੇ ਵੀ ਹਾਲਤ ਵਿੱਚ ਬਿਜਲੀ ਬਿੱਲ ਨਹੀਂ ਤਾਰ ਸਕਦੇ। ਜਿਸ ਕਾਰਨ ਮਜ਼ਦੂਰਾਂ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਰਮਿਆਨ ਟਕਰਾਅ ਵਾਲੇ ਹਾਲਤ ਬਣੇ ਹੋਏ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਜ਼ਦੂਰਾਂ ਨੂੰ ਪਾਏ ਗਏ ਜੁਰਮਾਨੇ ਸਮੇਤ ਸਮੁੱਚੇ ਬਿਜਲੀ ਬਿੱਲ ਮਾਫ਼ ਕਰੇ। ਨਹੀਂ ਤਾਂ ਬਿਜਲੀ ਬਿੱਲ ਮਾਫ਼ੀ ਦਾ ਮਜ਼ਦੂਰਾਂ ਲਈ ਕੋਈ ਮਤਲਬ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਹਾਲਤ ਵਿੱਚ ਮਜ਼ਦੂਰਾਂ ਦੇ ਘਰ ਵਿੱਚ ਹਨੇਰਾ ਨਹੀਂ ਹੋਣ ਦੇਵੇਗੀ। ਆਉਣ ਵਾਲੇ ਦਿਨਾਂ ਵਿੱਚ ਜੇ ਇਸ ਦਾ ਸਾਰਥਕ ਹੱਲ ਨਾ ਨਿਕਲਿਆ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।