ਹਾਈਵੇ ਤੋਂ ਲੈ ਕੇ ਸਰਵਿਸ ਲੇਨ ਤੱਕ ਸਟ੍ਰੀਟ ਲਾਈਟਾਂ ਬੰਦ
ਹਾਈਵੇ ਤੋਂ ਲੈ ਕੇ ਸਰਵਿਸ ਲੇਨ ਤੱਕ ਸਟ੍ਰੀਟ ਲਾਈਟਾਂ ਬੰਦ
Publish Date: Wed, 24 Dec 2025 08:24 PM (IST)
Updated Date: Wed, 24 Dec 2025 08:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਦੇ ਮੇਨ ਰੋਡ ਤੋਂ ਲੈ ਕੇ ਸਰਵਿਸ ਲੇਨ ’ਤੇ ਲੱਗੀਆਂ ਕਈ ਸਟ੍ਰੀਟ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਇੱਥੋਂ ਤੱਕ ਕਿ ਚੁਗਿੱਟੀ ਫਲਾਈਓਵਰ ਤੋਂ ਲੈ ਕੇ ਲੰਮਾ ਪਿੰਡ ਚੌਕ ’ਤੇ ਬਣੇ ਫਲਾਈਓਵਰ ਤੱਕ ਵੀ ਕਈ ਲਾਈਟਾਂ ਬੰਦ ਹਨ। ਸਿਰਫ਼ ਇੰਨਾ ਹੀ ਨਹੀਂ ਸਰਵਿਸ ਲੇਨ ’ਤੇ ਲੰਮਾ ਪਿੰਡ ਚੌਕ, ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਦੇ ਆਲੇ-ਦੁਆਲੇ ਦੀਆਂ ਸਟ੍ਰੀਟ ਲਾਈਟਾਂ ਵੀ ਬੰਦ ਪਈਆਂ ਹਨ। ਖ਼ਾਸਕਰ ਧੁੰਦ ਦੇ ਮੌਸਮ ’ਚ ਬੰਦ ਸਟ੍ਰੀਟ ਲਾਈਟਾਂ ਕਾਰਨ ਅਕਸਰ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਜਦਕਿ ਸਰਵਿਸ ਲੇਨ ਦਾ ਵੱਡਾ ਹਿੱਸਾ ਪਹਿਲਾਂ ਹੀ ਖ਼ਸਤਾ ਹਾਲ ਹੈ। ਪਿਛਲੇ ਇਕ ਪੰਦਰਵਾੜੇ ਦੌਰਾਨ ਹਾਈਵੇ ’ਤੇ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਹਾਲ ਹੀ ’ਚ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਹੋਈ ਰੀਵਿਊ ਮੀਟਿੰਗ ’ਚ ਧੁੰਦ ਤੋਂ ਪਹਿਲਾਂ ਹਾਈਵੇ ਨੂੰ ਸੁਰੱਖਿਅਤ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਉਸ ਵੇਲੇ ਅਥਾਰਟੀ ਵੱਲੋਂ ਬੰਦ ਤੇ ਖ਼ਰਾਬ ਸਟ੍ਰੀਟ ਲਾਈਟਾਂ ਨੂੰ ਠੀਕ ਕਰਵਾਉਣ ਦੀ ਗੱਲ ਕਹੀ ਗਈ ਸੀ। ਇਸ ਦੌਰਾਨ ਹਾਈਵੇ ਅਥਾਰਟੀ ਵੱਲੋਂ ਅਜਿਹੀਆਂ ਲਾਈਟਾਂ ਦਾ ਸਰਵੇ ਵੀ ਕਰਵਾਇਆ ਗਿਆ ਪਰ ਅਜੇ ਤੱਕ ਸੁਧਾਰ ਦਾ ਕੋਈ ਕੰਮ ਨਹੀਂ ਹੋਇਆ। ਜਦਕਿ ਖਸਤਾ ਹਾਲ ਤੇ ਟੋਇਆਂ ਨਾਲ ਭਰੀ ਸਰਵਿਸ ਲੇਨ ’ਤੇ ਧੁੰਦ ਦੇ ਸਮੇਂ ਸਟ੍ਰੀਟ ਲਾਈਟਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।