ਰਾਜ ਸੂਚਨਾ ਕਮਿਸ਼ਨਰ ਵੱਲੋਂ ਡੀਸੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਪੁਸਤਕ ਭੇਟ
ਰਾਜ ਸੂਚਨਾ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਧਾਰਮਿਕ ਵਿਰਾਸਤੀ ਪੁਸਤਕ ਭੇਟ
Publish Date: Sat, 15 Nov 2025 08:10 PM (IST)
Updated Date: Sat, 15 Nov 2025 08:11 PM (IST)

---ਕਿਹਾ, ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ ਪੁਸਤਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਧਾਰਮਿਕ ਸਮਾਗਮ ਦੌਰਾਨ ਧਾਰਮਿਕ ਵਿਰਾਸਤੀ ਪੁਸਤਕ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਜੀਵਨ ਯਾਤਰਾ’ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਭੇਟ ਕੀਤੀ ਗਈ। ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਗਈ ਇਹ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਹੈ ਤੇ ਇਸ ਦਾ ਟੀਚਾ ਵੱਖ-ਵੱਖ ਭਾਈਚਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਤੇ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਉਣਾ ਹੈ। ਡਿਪਟੀ ਕਮਿਸ਼ਨਰ ਨੇ ਇਸ ਉਪਰਾਲੇ ਨੂੰ ਗੁਰੂ ਸਾਹਿਬ ਜੀ ਦੀ ਵਿਰਾਸਤ ਨੂੰ ਜਨਤਾ ਦੇ ਨੇੜੇ ਲਿਜਾਣ ਦਾ ਇਕ ਸਾਰਥਕ ਯਤਨ ਦੱਸਿਆ। ਉਨ੍ਹਾਂ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸੰਦੇਸ਼ ਨੂੰ ਹੋਰ ਫੈਲਾਉਣ ਲਈ ਇਸ ਪੁਸਤਕ ਨੂੰ ਸੰਕਲਿਤ ਕੀਤਾ। ਉਪਰੰਤ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਜਨਰਲ ਅਫ਼ਸਰ ਕਮਾਂਡਿੰਗ 11 ਕੋਰ ਏਡੀਜੀਪੀ ਪੀਏਪੀ ਐੱਮਐੱਫ ਫਾਰੂਕੀ, ਆਈਪੀਐੱਸ ਤੇ ਬੀਐੱਸਐੱਫ ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਜ਼ੇਲੇ ਨਾਲ ਵੀ ਯਾਦਗਾਰੀ ਪੁਸਤਕ ਦੀਆਂ ਕਾਪੀਆਂ ਸਾਂਝੀਆਂ ਕੀਤੀਆਂ। ਫੌਜ, ਪੰਜਾਬ ਆਰਮਡ ਪੁਲਿਸ ਤੇ ਸੀਮਾ ਸੁਰੱਖਿਆ ਬਲ ਦੇ ਨੁਮਾਇੰਦਿਆਂ ਨੇ ਸ਼ਹਿਰ ਭਰ ’ਚ ਸੰਖੇਪ ਸਮਾਗਮਾਂ ਦੌਰਾਨ ਸਮੂਹਿਕ ਤੌਰ ਤੇ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।