ਸੰਘਣੀ ਧੁੰਦ ਦੌਰਾਨ ਸੜਕ ਸੁਰੱਖਿਆ ਲਈ ਐੱਸਐੱਸਐੱਫ ਨੇ ਕੀਤਾ ਜਾਗਰੂਕ
ਸੰਘਣੀ ਧੁੰਦ ਦੌਰਾਨ ਸੜਕ ਸੁਰੱਖਿਆ ਲਈ ਐੱਸਐੱਸਐੱਫ ਵੱਲੋਂ ਹਦਾਇਤਾਂ ਜਾਰੀ
Publish Date: Sat, 20 Dec 2025 08:05 PM (IST)
Updated Date: Sat, 20 Dec 2025 08:07 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿਛਲੇ ਕੁਝ ਦਿਨਾਂ ਤੋਂ ਸਰਦੀ ਦੇ ਮੌਸਮ ਕਾਰਨ ਪੈ ਰਹੀ ਸੰਘਣੀ ਧੁੰਦ ਨਾਲ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ, ਜਿਸ ਕਾਰਨ ਸੜਕੀ ਹਾਦਸਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਉੱਚ ਅਧਿਕਾਰੀਆਂ ਵੱਲੋਂ ਆਮ ਲੋਕਾਂ ਤੇ ਵਾਹਨ ਚਾਲਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐੱਸਐੱਸਐੱਫ ਦੇ ਚੌਲਾਂਗ ਤੋਂ ਅੱਡਾ ਨੂਰਪੁਰ ਤੱਕ ਡਿਊਟੀ ਨਿਭਾਅ ਰਹੇ ਇੰਚਾਰਜਾਂ ਨੇ ਦੱਸਿਆ ਕਿ ਧੁੰਦ ਦੇ ਮੌਸਮ ਦੌਰਾਨ ਵਾਹਨ ਹੌਲੀ ਗਤੀ ਨਾਲ ਚਲਾਏ ਜਾਣ ਤੇ ਸੜਕ ’ਤੇ ਗਲਤ ਪਾਰਕਿੰਗ ਤੋਂ ਪਰਹੇਜ਼ ਕੀਤਾ ਜਾਵੇ। ਬਿਨਾਂ ਬਹੁਤ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਾਹਨ ਚਾਲਕ ਆਪਣੀਆਂ ਗੱਡੀਆਂ ਦੀਆਂ ਲਾਈਟਾਂ, ਇੰਡੀਕੇਟਰ ਤੇ ਫੌਗ ਲਾਈਟਾਂ ਸਹੀ ਹਾਲਤ ’ਚ ਰੱਖਣ ਤੇ ਲੋੜ ਅਨੁਸਾਰ ਵਰਤੋਂ ਕਰਨ। ਧੁੰਦ ਕਾਰਨ ਘੱਟ ਦਿਸਣ ਹੱਦ ਹੋਣ ਕਰਕੇ ਵਾਹਨ ਘੱਟ ਤੋਂ ਘੱਟ ਸਪੀਡ ’ਤੇ ਚਲਾਏ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਜੇਕਰ ਕਿਸੇ ਨੂੰ ਸੜਕ ’ਤੇ ਕੋਈ ਗੱਡੀ ਖਰਾਬ ਹਾਲਤ ’ਚ ਖੜ੍ਹੀ ਦਿਖਾਈ ਦੇਵੇ ਜਾਂ ਕੋਈ ਹਾਦਸਾ ਵਾਪਰੇ ਤਾਂ ਤੁਰੰਤ ਸੜਕ ਸੁਰੱਖਿਆ ਫੋਰਸ ਦੇ ਐਮਰਜੈਂਸੀ ਨੰਬਰ 112 ਜਾਂ ਸਰਕਾਰੀ ਨੰਬਰ 9517987274 ’ਤੇ ਸੂਚਨਾ ਦਿੱਤੀ ਜਾਵੇ ਤਾਂ ਜੋ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਫ਼ਸਟ ਏਡ ਦਿੱਤੀ ਜਾ ਸਕੇ। ਟਰੈਫਿਕ ਨੂੰ ਸੁਚਾਰੂ ਬਣਾਇਆ ਜਾ ਸਕੇ। ਸੜਕ ਸੁਰੱਖਿਆ ਫੋਰਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਮੌਸਮ ਦੌਰਾਨ ਸਾਵਧਾਨੀ ਵਰਤ ਕੇ ਆਪਣੀ ਤੇ ਹੋਰਾਂ ਦੀ ਜਾਨ ਦੀ ਰੱਖਿਆ ਯਕੀਨੀ ਬਣਾਈ ਜਾਵੇ।