ਸੀ.ਟੀ. ਗਰੁੱਪ ਦੇ ਕੈਂਪਸਾਂ ’ਚ ਅਧਿਆਤਮਿਕਤਾ ਤੇ ਦੇਸ਼ ਭਗਤੀ ਦਾ ਸੁਮੇਲ
ਸੀਟੀ ਗਰੁੱਪ ਦੇ ਕੈਂਪਸਾਂ ’ਚ ਆਧਿਆਤਮਿਕਤਾ ਤੇ ਦੇਸ਼ਭਗਤੀ ਦਾ ਮਿਲਾਪ
Publish Date: Sat, 24 Jan 2026 09:06 PM (IST)
Updated Date: Sat, 24 Jan 2026 09:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦੇ ਸ਼ਾਹਪੁਰ, ਮਕਸੂਦਾਂ ਕੈਂਪਸ, ਸੀਟੀ ਪਬਲਿਕ ਸਕੂਲ ਤੇ ਸੀ.ਟੀ. ਵਰਲਡ ਸਕੂਲ ’ਚ ਬਸੰਤ ਪੰਚਮੀ ਤੇ ਗਣਤੰਤਰ ਦਿਵਸ ਖੁਸ਼ੀ, ਸ਼ਰਧਾ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਏ ਗਏ। ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਦੀ ਸਰਗਰਮ ਭਾਈਵਾਲੀ ਨਾਲ ਹੋਏ ਸਮਾਗਮਾਂ ’ਚ ਸਰਸਵਤੀ ਪੂਜਾ, ਦੇਸ਼ ਭਗਤੀ ਸਬੰਧੀ ਪ੍ਰੋਗਰਾਮ ਤੇ ਵੰਨ-ਸੁਵੰਨੀਆਂ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਤੇ ਮਜ਼ਬੂਤ ਰਾਸ਼ਟਰੀ ਆਤਮਾ ਨੂੰ ਉਜਾਗਰ ਕੀਤਾ ਗਿਆ। ਨਾਰਥ ਕੈਂਪਸ, ਮਕਸੂਦਾਂ ’ਚ ਬਸੰਤ ਪੰਚਮੀ ਸ਼ਾਂਤ ਤੇ ਅਧਿਆਤਮਿਕ ਮਾਹੌਲ ’ਚ ਮਨਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਰਸਵਤੀ ਪੂਜਾ ਕਰਕੇ ਗਿਆਨ, ਬੁੱਧੀ ਤੇ ਸਿਰਜਣਸ਼ੀਲਤਾ ਦੀ ਦੇਵੀ ਮਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸੀ.ਟੀ. ਪਬਲਿਕ ਸਕੂਲ ’ਚ ਦੋਹਰਾ ਸਮਾਗਮ ਮਨਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਕਮਲ ਦੇ ਫੁੱਲ, ਰੰਗੀਨ ਪਤੰਗਾਂ, ਦੇਸ਼ ਭਗਤੀ ਗੀਤ, ਨਾਚ ਤੇ ਭਾਸ਼ਣ ਪੇਸ਼ ਕੀਤੇ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ ਤੇ ਕਿੰਡਰਗਾਰਟਨ ਇੰਚਾਰਜ ਸੁਮਨ ਭੱਲਾ ਨੇ ਉਨ੍ਹਾਂ ਦੀ ਪ੍ਰਤਿਭਾ ਤੇ ਆਤਮਵਿਸ਼ਵਾਸ ਦੀ ਸ਼ਲਾਘਾ ਕੀਤੀ। ਸੀ.ਟੀ. ਵਰਲਡ ਸਕੂਲ ’ਚ ਵੀ ਗਣਤੰਤਰ ਦਿਵਸ ਉਤਸ਼ਾਹ ਤੇ ਮਾਣ ਨਾਲ ਮਨਾਇਆ ਗਿਆ, ਜਿੱਥੇ ਆਜ਼ਾਦੀ, ਜਮੂਹਰੀ ਕਦਰਾਂ-ਕੀਮਤਾਂ ਤੇ ‘ਅਨੇਕਤਾ ’ਚ ਏਕਤਾ’ ਤੇ ਆਧਾਰਿਤ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਨਾਰਥ ਕੈਂਪਸ, ਮਕਸੂਦਾਂ ਦੇ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਗਿਆਨ, ਸਿਰਜਣਸ਼ੀਲਤਾ ਤੇ ਆਜੀਵਨ ਸਿੱਖਣ ਵੱਲ ਪ੍ਰੇਰਿਤ ਕਰਦੇ ਹਨ। ਸੀ.ਟੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਬਾਸਨੇਟ ਨੇ ਦੋਹਰੇ ਸਮਾਗਮ ਨਾਲ ਭਾਰਤ ਦੀ ਸੱਭਿਆਚਾਰਕ ਵਿਰਾਸਤ ਤੇ ਸੰਵਿਧਾਨਕ ਮੁੱਲ ਨਾਲ ਡੂੰਘਾ ਨਾਤਾ ਬਣਾਉਣ ਦੀ ਮਹੱਤਤਾ ਦੱਸੀ ਤੇ ਸੀ.ਟੀ. ਵਰਲਡ ਸਕੂਲ ਦੀ ਪ੍ਰਿੰਸੀਪਲ ਆਰਤੀ ਜੈਸਵਾਲ ਨੇ ਗਣਤੰਤਰ ਦਿਵਸ ਨੂੰ ਹਰ ਨਾਗਰਿਕ ਦੀ ਜ਼ਿੰਮੇਵਾਰੀ ਯਾਦ ਦਿਵਾਉਣ ਵਾਲਾ ਦਿਨ ਦੱਸਿਆ।