ਕਾਰ ਨੇ ਭੁਆ-ਭਤੀਜੀ ਨੂੰ ਮਾਰੀ ਟੱਕਰ, 13 ਸਾਲਾ ਮਾਸੂਮ ਦੀ ਇਲਾਜ ਦੌਰਾਨ ਮੌਤ
ਤੇਜ਼ ਰਫ਼ਤਾਰ ਕਾਰ ਨੇ ਭੁਆ-ਭਤੀਜੀ ਨੂੰ ਮਾਰੀ ਟੱਕਰ, 13 ਸਾਲਾ ਮਾਸੂਮ ਦੀ ਇਲਾਜ ਦੌਰਾਨ ਮੌਤ
Publish Date: Sun, 25 Jan 2026 09:11 PM (IST)
Updated Date: Mon, 26 Jan 2026 04:19 AM (IST)

- ਹਾਦਸੇ ’ਚ ਕਾਰ ਚਾਲਕ ਜ਼ਖ਼ਮੀ, ਹਸਪਤਾਲ ’ਚ ਇਲਾਜ ਅਧੀਨ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਫ਼ਿਲੌਰ ਦੇ ਪਿੰਡ ਗੜ੍ਹਾ ’ਚ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪੈਦਲ ਜਾ ਰਹੀ 13 ਸਾਲਾ ਮਾਸੂਮ ਤੇ ਉਸ ਦੀ ਭੂਆ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ 13 ਸਾਲਾ ਕੁੜੀ ਉਛਲ ਕੇ ਨੇੜੇ ਦਰੱਖ਼ਤ ਨਾਲ ਟਕਰਾ ਗਈ ਤੇ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 13 ਸਾਲਾ ਮੁਸਕਾਨ ਵਜੋਂ ਹੋਈ ਹੈ, ਜੋ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਹਾਦਸੇ ਦੌਰਾਨ ਕਾਰ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਫ਼ਿਲੌਰ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਹੈ। ਫ਼ਿਲੌਰ ਥਾਣੇ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਗੜ੍ਹਾ ’ਚ ਤੇਜ਼ ਰਫ਼ਤਾਰ ਕਾਰ ਨੇ ਭੂਆ-ਭਤੀਜੀ ਨੂੰ ਟੱਕਰ ਮਾਰ ਦਿੱਤੀ ਹੈ। ਮੌਕੇ ’ਤੇ ਪਹੁੰਚ ਕੇ ਜਾਂਚ ਦੌਰਾਨ ਪਤਾ ਲੱਗਿਆ ਕਿ ਬੱਚੀ ਮੁਸਕਾਨ ਆਪਣੀ ਭੂਆ ਪ੍ਰਵੀਣ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸਮਾਗਮ ਤੋਂ ਵਾਪਸ ਘਰ ਆ ਰਹੀ ਸੀ ਤੇ ਦੋਵੇਂ ਸੜਕ ਦੇ ਕਿਨਾਰੇ-ਕਿਨਾਰੇ ਪੈਦਲ ਚੱਲ ਰਹੀਆਂ ਸਨ। ਇਸ ਦੌਰਾਨ ਪਿੱਛੋਂ ਆ ਰਹੀ ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਬੱਚੀ ਉਛਲ ਕੇ ਦਰੱਖਤ ਨਾਲ ਟਕਰਾ ਗਈ, ਜਦਕਿ ਕਾਰ ਟੱਕਰ ਮਾਰਨ ਤੋਂ ਬਾਅਦ ਨੇੜੇ ਖੜ੍ਹੀ ਥਾਰ ਗੱਡੀ ਨਾਲ ਟਕਰਾ ਕੇ ਰੁਕ ਗਈ। ਇਸ ਹਾਦਸੇ ’ਚ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਕਾਰ ਚਾਲਕ ਦਲਜੀਤ ਸਿੰਘ ਵਾਸੀ ਪਿੰਡ ਨਗਰ, ਜਲੰਧਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ’ਚ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਭੁਆ ਪ੍ਰਵੀਣ ਦੇ ਬਿਆਨਾਂ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਵਾਹਨ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਕਾਰ ਚਾਲਕ ਦਾ ਇਲਾਜ ਜਾਰੀ ਹੈ ਤੇ ਅੱਗੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।