ਲੜਕੀਆਂ ਤੇ ਔਰਤਾਂ ਲਈ ਵਿਸ਼ੇਸ਼ ਰੁਜ਼ਗਾਰ ਮੇਲਾ ਤੇ ਸਵੈ ਰੁਜ਼ਗਾਰ ਕੈਂਪ 20 ਨੂੰ
ਲੜਕੀਆਂ ਤੇ ਮਹਿਲਾਵਾਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਤੇ ਸਵੈ ਰੋਜ਼ਗਾਰ ਕੈਂਪ 20 ਜਨਵਰੀ ਨੂੰ
Publish Date: Sun, 18 Jan 2026 08:19 PM (IST)
Updated Date: Mon, 19 Jan 2026 04:21 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਦੀ ਅਗਵਾਈ ਹੇਠ 20 ਜਨਵਰੀ 2026 ਨੂੰ ਸਵੇਰੇ 9 ਵਜੇ ਤੋਂ ਸਥਾਨਕ ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਵਿਸ਼ੇਸ਼ ਰੁਜ਼ਗਾਰ ਮੇਲਾ ਤੇ ਸਵੈ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਏਕਤਾ ਖੋਸਲਾ ਨਾਲ ਮੀਟਿੰਗ ਕੀਤੀ। ਇਸ ਰੋਜ਼ਗਾਰ ਮੇਲੇ ਦੀ ਵਿਲੱਖਣਤਾ ਇਹ ਹੈ ਕਿ ਇਹ ਰੋਜ਼ਗਾਰ ਮੇਲਾ ਕੇਵਲ ਲੜਕੀਆਂ/ ਮਹਿਲਾਵਾਂ ਲਈ ਲਗਾਇਆ ਜਾ ਰਿਹਾ ਹੈ, ਜਿਸ ’ਚ ਅਨਪੜ੍ਹ ਤੋਂ ਲੇ ਕੇ ਅੱਠਵੀ, ਦਸਵੀਂ, ਬਾਰਵੀਂ ਗ੍ਰੈਜੂਏਟ ਵਿਦਿਅਕ ਯੋਗਤਾ ਰੱਖਣ ਵਾਲੀਆਂ ਲੜਕੀਆਂ/ ਮਹਿਲਾਵਾਂ ਆਪਣੀ ਯੋਗਤਾ ਅਨੁਸਾਰ ਹਿੱਸਾ ਲੈ ਸਕਣਗੀਆਂ ਤੇ ਆਪਣੀ ਮਨ ਪਸੰਦ ਨੌਕਰੀ ਪ੍ਰਾਪਤ ਕਰ ਸਕਣਗੀਆਂ। ਇਸ ਤੋਂ ਇਲਾਵਾ ਜਿਹੜੀਆਂ ਲੜਕੀਆਂ/ਮਹਿਲਾਵਾਂ ਉਮੀਦਵਾਰ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੌਕੇ ’ਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਉੱਚੀਆਂ ਸਬਸਿਡੀ ਦਰਾਂ ’ਤੇ ਕਰਜ਼ੇ ਦੀ ਸਹੂਲਤ ਲਈ ਅਪਲਾਈ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੈਂਪ ਵਾਲੇ ਦਿਨ ਲੜਕੀਆਂ/ ਮਹਿਲਾਵਾਂ ਲਈ ਸਿਹਤ ਸੰਭਾਲ ਤੇ ਸਾਫ-ਸਫਾਈ ਬਾਰੇ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ’ਚ ਮਾਹਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਡਿਪਟੀ ਡਾਇਰੈਕਟਰ ਨੇ ਲੜਕੀਆਂ ਨੂੰ ਵੱਡੀ ਗਿਣਤੀ ’ਚ ਇਸ ਮੇਲੇ ’ਚ ਭਾਗ ਲੈਣ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9056920100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।