ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ : ਜੈਨ
ਕੌਮੀ ਬਾਲੜੀ ਦਿਵਸ ਮੌਕੇ ਨਾਰੀ ਨਿਕੇਤਨ 'ਚ ਕਰਵਾਇਆ ਵਿਸ਼ੇਸ਼ ਸਮਾਗਮ
Publish Date: Sat, 24 Jan 2026 08:28 PM (IST)
Updated Date: Sat, 24 Jan 2026 08:31 PM (IST)

--ਨਾਰੀ ਨਿਕੇਤਨ ਟਰੱਸਟ ਬੇਟੀਆਂ ਦੇ ਉੱਜਲ ਭਵਿੱਖ ਲਈ ਸਿੱਖਿਆ, ਸੁਰੱਖਿਆ ਤੇ ਆਤਮ ਨਿਰਭਰਤਾ ਵੱਲ ਲਗਾਤਾਰ ਯਤਨਸ਼ੀਲ : ਗੁਰਜੋਤ ਕੌਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਰੀ ਨਿਕੇਤਨ ਵਿਖੇ ਕੌਮੀ ਬਾਲੜੀ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ’ਚ ਏਡੀਸੀਪੀ ਆਕਰਸ਼ੀ ਜੈਨ, ਐਡਵੋਕੇਟ ਸੰਗੀਤਾ ਸੋਨੀ ਤੇ ਸਾਬਕਾ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਹਿਮਾਨਾਂ ਦਾ ਸਵਾਗਤ ਟਰੱਸਟੀ ਨੀਨਾ ਸੋਂਧੀ, ਜਨਰਲ ਸਕੱਤਰ ਗੁਰਜੋਤ ਕੌਰ ਤੇ ਸੀਈਓ ਨਵਿਤਾ ਜੋਸ਼ੀ ਵੱਲੋਂ ਪੌਦੇ ਭੇਟ ਕਰਕੇ ਕੀਤਾ ਗਿਆ। ਬੁਲਾਰਿਆਂ ਨੇ ਡਿਜੀਟਲ ਯੁੱਗ ’ਚ ਲੜਕੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਤਮ ਵਿਸ਼ਵਾਸ, ਮਾਨਸਿਕ ਮਜ਼ਬੂਤੀ ਤੇ ਸਵੈ-ਨਿਰਭਰਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਰੀ ਨਿਕੇਤਨ ਵੱਲੋਂ ਬਾਲੜੀਆਂ ਦੀ ਸਾਂਭ-ਸੰਭਾਲ ਤੇ ਉਨ੍ਹਾਂ ਨੂੰ ਸਮਾਜ ’ਚ ਸਥਾਨ ਦਿਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ’ਚ ਨਾਰੀ ਨਿਕੇਤਨ ਦੀਆਂ ਬੱਚੀਆਂ ਤੋਂ ਇਲਾਵਾ ਏਐੱਨ ਗੁਜਰਾਲ ਸਕੂਲ ਤੇ ਗਾਂਧੀ ਵਨੀਤਾ ਆਸ਼ਰਮ ਦੀਆਂ ਬੱਚੀਆਂ ਨੇ ਵੀ ਭਾਗ ਲਿਆ। ਇਸ ਮੌਕੇ ਏਡੀਸੀਪੀ ਆਕਰਸ਼ੀ ਜੈਨ ਨੇ ਕਿਹਾ ਕਿ ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ, ਆਤਮ ਵਿਸ਼ਵਾਸ ਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਭਾਰਤ ਦੀ ਪਹਿਲੀ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਦੀ ਉਦਾਹਰਨ ਵੀ ਦਿੱਤੀ ਅਤੇ ਪੁਲਿਸ ਮਹਿਕਮੇ ਬਾਰੇ ਜਾਣਕਾਰੀ ਦਿੱਤੀ। ਸਾਬਕਾ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਕਿਹਾ ਕਿ ਜੀਵਨ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ ਤੇ ਲੜਕੀਆਂ ਨੂੰ ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਐਡਵੋਕੇਟ ਸੰਗੀਤਾ ਸੋਨੀ ਨੇ ਲੜਕੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਆਪਣੀ ਹੋਂਦ ਲਈ ਆਵਾਜ਼ ਉਠਾਉਣਾ ਬਹੁਤ ਜ਼ਰੂਰੀ ਹੈ। ਸਮਾਗਮ ਦੇ ਅੰਤ ’ਚ ਜਨਰਲ ਸਕੱਤਰ ਗੁਰਜੋਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਟੀਆਂ ਰੱਬ ਦਾ ਸਭ ਤੋਂ ਸੁੰਦਰ ਅਸ਼ੀਰਵਾਦ ਹਨ ਤੇ ਨਾਰੀ ਨਿਕੇਤਨ ਟਰੱਸਟ ਉਨ੍ਹਾਂ ਦੇ ਉੱਜਲ ਭਵਿੱਖ ਲਈ ਸਿੱਖਿਆ, ਸੁਰੱਖਿਆ, ਮਾਨਸਿਕ ਮਜ਼ਬੂਤੀ ਤੇ ਆਤਮ ਨਿਰਭਰਤਾ ਲਈ ਸਦਾ ਯਤਨਸ਼ੀਲ ਰਹਿੰਦਾ ਹੈ। ਉਨ੍ਹਾਂ ਨਰੇਸ਼ ਗੁਜਰਾਲ ਵੱਲੋਂ ਨਾਰੀ ਨਿਕੇਤਨ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸੀਈਓ ਨਵਿਤਾ ਜੋਸ਼ੀ ਨੇ ਸਵਾਗਤੀ ਭਾਸ਼ਣ ਦੌਰਾਨ ਨਾਰੀ ਨਿਕੇਤਨ ਵੱਲੋਂ ਬਾਲੜੀਆਂ ਦੀ ਪਰਵਰਿਸ਼ ਤੇ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਬੱਚੀਆਂ ਵੱਲੋਂ ਸਵਾਲ-ਜਵਾਬ ਸੈਸ਼ਨ ’ਚ ਆਈਪੀਐੱਸ, ਐਡਵੋਕੇਟ ਤੇ ਕ੍ਰਿਕੇਟ ਖਿਡਾਰਨ ਬਣਨ ਦੀਆਂ ਇੱਛਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੌਰਾਨ ਨਾਰੀ ਨਿਕੇਤਨ ਤੇ ਗਾਂਧੀ ਵਨੀਤਾ ਆਸ਼ਰਮ ਦੀਆਂ ਬੱਚੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਵਜੋਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ।