ਪਲਾਸਟਿਕ ਡੋਰ ਨਾਲ ਕਿਸੇ ਦਾ ਕੰਨ ਤੇ ਕਿਸੇ ਦਾ ਵੱਢਿਆ ਗਲਾ
ਪਲਾਸਟਿਕ ਡੋਰ ਨਾਲ ਕਿਸੇ ਦਾ ਕੰਨ ਤੇ ਕਿਸੇ ਦਾ ਗਲਾ ਵੱਢਿਆ ਗਿਆ-ਵਿਕਰੀ ‘ਤੇ ਨਹੀਂ ਲੱਗ ਰਹੀ ਰੋਕ
Publish Date: Tue, 13 Jan 2026 10:28 PM (IST)
Updated Date: Tue, 13 Jan 2026 10:30 PM (IST)

-ਪਲਾਸਟਿਕ ਡੋਰ ਇਨਸਾਨਾਂ ਹੀ ਨਹੀਂ, ਪਸ਼ੂ-ਪੰਛੀਆਂ ਲਈ ਵੀ ਖ਼ਤਰਨਾਕ -ਕਈ ਲੋਕਾਂ ਸਮੇਤ ਪੰਛੀਆਂ ਨੂੰ ਵੀ ਜ਼ਖ਼ਮੀ ਕਰ ਚੁੱਕੀ ਹੈ ਪਲਾਸਟਿਕ ਡੋਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਲਾਸਟਿਕ ਡੋਰ ਇਨਸਾਨਾਂ ਲਈ ਹੀ ਨਹੀਂ, ਸਗੋਂ ਪਸ਼ੂਆਂ ਅਤੇ ਪੰਛੀਆਂ ਲਈ ਵੀ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ। ਨਾਇਲੋਨ ਜਾਂ ਸਿੰਥੈਟਿਕ ਸਮੱਗਰੀ ਨਾਲ ਬਣੀ ਹੋਣ ਕਾਰਨ ਇਹ ਡੋਰ ਆਸਾਨੀ ਨਾਲ ਟੁੱਟਦੀ ਨਹੀਂ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਲੰਮੇ ਸਮੇਂ ਤੱਕ ਪਤੰਗ ਉਡਾਉਣ ਲਈ ਇਸੇ ਡੋਰ ਦੀ ਵਰਤੋਂ ਕਰਦੇ ਹਨ। ਪਤੰਗ ਕੱਟਣ ਤੋਂ ਬਾਅਦ ਸੜਕਾਂ ‘ਤੇ ਪਈ ਇਹ ਡੋਰ ਰਾਹਗੀਰਾਂ ਲਈ ਖ਼ਤਰਾ ਬਣ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਗੰਭੀਰ ਜ਼ਖ਼ਮ ਦੇ ਚੁੱਕੀ ਹੈ। ਬੱਚਿਆਂ ਵਿੱਚ ਇਸ ਡੋਰ ਦੀ ਮੰਗ ਹੋਣ ਕਾਰਨ ਦੁਕਾਨਦਾਰਾਂ ਦਾ ਧੰਦਾ ਵੀ ਚੰਗਾ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਾਬੰਦੀ ਹੋਣ ਦੇ ਬਾਵਜੂਦ ਪਲਾਸਟਿਕ ਡੋਰ ਚੋਰੀ-ਛਿਪੇ ਵੇਚੀ ਜਾ ਰਹੀ ਹੈ। ਇਹ ਡੋਰ ਇੰਨੀ ਤੇਜ਼ ਹੁੰਦੀ ਹੈ ਕਿ ਕਿਸੇ ਦਾ ਗਲਾ ਕਟ ਜਾਂਦਾ ਹੈ ਤਾਂ ਕਿਸੇ ਦਾ ਕੰਨ। ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰ ਵਿੱਚ ਕਈ ਲੋਕ ਇਸ ਨਾਲ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈ ਪੰਛੀਆਂ ਦੀ ਜਾਨ ਵੀ ਚਲੀ ਗਈ ਹੈ। ਬੀਤੀ 16 ਦਸੰਬਰ ਨੂੰ ਰੈਣਕ ਬਾਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ‘ਤੇ ਕੰਮ ਕਰਨ ਵਾਲਾ ਕ੍ਰਿਸ਼ਨਾ, ਆਦਰਸ਼ ਨਗਰ ਗੁਰਦੁਆਰਾ ਸਾਹਿਬ ਦੇ ਨੇੜੇ ਪਲਾਸਟਿਕ ਡੋਰ ਦੀ ਚਪੇਟ ਵਿੱਚ ਆ ਗਿਆ ਸੀ। ਡੋਰ ਇੰਨੀ ਤੇਜ਼ ਸੀ ਕਿ ਪਲਕ ਝਪਕਦੇ ਹੀ ਉਸ ਦਾ ਕੰਨ ਕੱਟਿਆ ਗਿਆ। ਅਜਿਹੇ ਹੋਰ ਵੀ ਕਈ ਮਾਮਲੇ ਹਨ, ਜਿੱਥੇ ਲੋਕਾਂ ਨੂੰ ਇਸ ਡੋਰ ਕਾਰਨ ਦਰਦਨਾਕ ਤਜਰਬੇ ਭੋਗਣੇ ਪਏ ਹਨ। ਬਸੰਤ ਦੇ ਦਿਨਾਂ ਵਿੱਚ ਇਹ ਡੋਰ ਕਈ ਲੋਕਾਂ ਨੂੰ ਜ਼ਖ਼ਮ ਦੇ ਚੁੱਕੀ ਹੈ। ਬਸੰਤ ਦਾ ਤਿਉਹਾਰ ਨੇੜੇ ਆਉਂਦੇ ਹੀ ਇਹ ਯਾਦਾਂ ਫਿਰ ਤਾਜ਼ਾ ਹੋ ਜਾਂਦੀਆਂ ਹਨ ਪਰ ਕੁਝ ਦੁਕਾਨਦਾਰ ਥੋੜ੍ਹੇ ਜਿਹੇ ਪੈਸਿਆਂ ਲਈ ਲੋਕਾਂ ਅਤੇ ਪੰਛੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। --- ਸੂਤੀ ਡੋਰ ਦਾ ਵਪਾਰ ਘਟਿਆ, ਜਾਨ ਦਾ ਖ਼ਤਰਾ ਵਧਿਆ ਪਟੇਲ ਚੌਕ ਸਥਿਤ ਸਾਈਂ ਦਾਸ ਸਕੂਲ ਨੇੜੇ ਕਈ ਸਾਲਾਂ ਤੋਂ ਸੂਤੀ ਡੋਰ ਦਾ ਵਪਾਰ ਕਰ ਰਹੇ ਪੱਪੂ ਨੇ ਦੱਸਿਆ ਕਿ ਸਮੇਂ ਦੇ ਨਾਲ-ਨਾਲ ਉਨ੍ਹਾਂ ਦਾ ਕਾਰੋਬਾਰ ਘਟਦਾ ਚਲਾ ਗਿਆ ਹੈ। ਪਹਿਲਾਂ ਤਿਉਹਾਰਾਂ ਦੇ ਮੌਕੇ ‘ਤੇ ਸੂਤੀ ਡੋਰ ਦੀ ਚੰਗੀ ਵਿਕਰੀ ਹੁੰਦੀ ਸੀ ਕਿਉਂਕਿ ਲੋਕ ਇਸ ਨੂੰ ਸੁਰੱਖਿਅਤ ਮੰਨਦੇ ਸਨ। ਜਦੋਂ ਤੋਂ ਬਾਜ਼ਾਰ ਵਿੱਚ ਪਲਾਸਟਿਕ ਡੋਰ ਆਈ ਹੈ, ਉਨ੍ਹਾਂ ਦੇ ਵਪਾਰ ‘ਤੇ ਡੂੰਘਾ ਅਸਰ ਪਿਆ ਹੈ। ਪਲਾਸਟਿਕ ਡੋਰ ਸਸਤੀ ਹੋਣ ਕਾਰਨ ਲੋਕ ਉਸ ਵੱਲ ਆਕਰਸ਼ਿਤ ਹੋ ਜਾਂਦੇ ਹਨ, ਜਦਕਿ ਇਹ ਬਹੁਤ ਖ਼ਤਰਨਾਕ ਹੈ। ਪੱਪੂ ਨੇ ਕਿਹਾ ਕਿ ਹਰ ਸਾਲ ਕਈ ਪੰਛੀ ਪਲਾਸਟਿਕ ਡੋਰ ਨਾਲ ਜ਼ਖ਼ਮੀ ਹੁੰਦੇ ਹਨ ਅਤੇ ਕਈ ਵਾਰ ਲੋਕਾਂ ਦੇ ਗਲੇ ਅਤੇ ਹੱਥਾਂ ‘ਤੇ ਵੀ ਗੰਭੀਰ ਚੋਟਾਂ ਆਉਂਦੀਆਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਲਾਸਟਿਕ ਡੋਰ ‘ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। --- ਪਲਾਸਟਿਕ ਡੋਰ ਨਾਲ ਜੁੜੇ ਹਾਦਸਿਆਂ ਦੇ ਮਾਮਲੇ 16 ਦਸੰਬਰ : ਰੈਣਕ ਬਾਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਨ ਵਾਲਾ ਕ੍ਰਿਸ਼ਨਾ, ਆਦਰਸ਼ ਨਗਰ ਗੁਰਦੁਆਰਾ ਸਾਹਿਬ ਦੇ ਨੇੜੇ ਪਲਾਸਟਿਕ ਡੋਰ ਨਾਲ ਜ਼ਖ਼ਮੀ ਹੋਇਆ, ਉਸ ਦਾ ਕੰਨ ਵੱਢਿਆ ਗਿਆ। 29 ਜਨਵਰੀ 2024 : ਰਾਮਾਮੰਡੀ ਫਲਾਈਓਵਰ ਨੇੜੇ ਚਾਈਨਾ ਡੋਰ ਦੀ ਚਪੇਟ ‘ਚ ਆ ਕੇ ਕੈਂਟ ਦੀ ਰਹਿਣ ਵਾਲੀ ਅੰਜਲੀ ਪਾਲ ਜ਼ਖ਼ਮੀ ਹੋਈ। ਉਸ ਦੀ ਗਰਦਨ ਅਤੇ ਉਂਗਲੀ ’ਤੇ ਜ਼ਖ਼ਮ ਹੋ ਗਏ ਸਨ। 15 ਅਗਸਤ 2022 : ਕਪੂਰਥਲਾ ਚੌਕ ‘ਤੇ ਰਾਜ ਨਗਰ ਦਾ ਰਹਿਣ ਵਾਲਾ 27 ਸਾਲਾ ਨੌਜਵਾਨ ਰਾਕੀ ਸਬਜ਼ੀ ਲੈਣ ਜਾਂਦਾ ਹੋਇਆ ਜ਼ਖ਼ਮੀ ਹੋ ਗਿਆ। 31 ਜਨਵਰੀ 2022 : ਲਾਡੋਵਾਲੀ ਰੋਡ ‘ਤੇ ਕਮਲ ਵਿਹਾਰ ਨਿਵਾਸੀ ਪ੍ਰਮੋਦ ਕੁਮਾਰ ਦੇ ਗਲੇ ‘ਚ ਪਲਾਸਟਿਕ ਡੋਰ ਲਪੇਟੀ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। 10 ਜਨਵਰੀ 2022: ਬਸ਼ੀਰਪੁਰਾ ਦੇ ਰਹਿਣ ਵਾਲੇ ਰਵੀ ਸ਼ਰਮਾ ਦੇ ਗਲੇ ‘ਚ ਡੋਰ ਫਸ ਗਈ, ਹੱਥ ਪਾਉਣ ਕਾਰਨ ਉਂਗਲੀਆਂ ਵੀ ਜ਼ਖ਼ਮੀ ਹੋਈਆਂ। 12 ਜਨਵਰੀ 2022 : ਦੈਨਿਕ ਜਾਗਰਣ ਦੇ ਮੁਲਾਜ਼ਮ ਰਾਜ ਕੁਮਾਰ ਗੁਪਤਾ ਦੇ ਪੁੱਤਰ ਸਕਸ਼ਮ ਦੇ ਮੂੰਹ ’ਤੇ ਚਾਈਨੀਜ਼ ਡੋਰ ਫਿਰ ਗਈ ਪਰ ਸਮੇਂ ’ਤੇ ਰੁਕਣ ਨਾਲ ਵੱਡਾ ਹਾਦਸਾ ਟਲ ਗਿਆ। ---- ਪਲਾਸਟਿਕ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ’ਤੇ ਸ਼ਿਕੰਜਾ ਕੱਸਣ ਲਈ ਪੁਲਿਸ ਟੀਮਾਂ ਤਾਇਨਾਤ ਹਨ। ਬੀਤੇ ਹਫ਼ਤੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ। ਕਈ ਇਲਾਕਿਆਂ ਵਿੱਚ ਡਰੋਨ ਰਾਹੀਂ ਪਤੰਗ ਉਡਾਉਣ ਵਾਲਿਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਜੇ ਕੋਈ ਦੁਕਾਨਦਾਰ ਲੁਕ-ਛਿਪ ਕੇ ਡੋਰ ਵੇਚਦਾ ਮਿਲਿਆ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। — ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ