ਪਾਣੀ ਦੀ ਪਾਈਪਾਂ ਪਾਉਣ ਲਈ ਲੰਮਾ ਪਿੰਡ ਚੌਕ ਤੋਂ ਫੋਕਲ ਪੁਆਇੰਟ ਚੌਕ ਤੱਕ ਤੇ ਦੂਜੇ ਪਾਸੇ ਪਠਾਨਕੋਟ ਚੌਕ ਤੋਂ ਸਰਬ ਮਲਟੀਪਲੈਕਸ ਤੱਕ ਦੀ ਸੜਕ ਪੁੱਟ ਕੇ ਪਾਈਪ ਪਾਉਣ ਦਾ ਕੰਮ ਹੋ ਚੁੱਕਾ ਹੈ। ਦੂਜੇ ਪਾਸੇ ਲੰਮਾ ਪਿੰਡ ਚੌਕ ਤੋਂ ਸੂਰਿਆ ਇਨਕਲੇਵ ਤੱਕ ਪਾਈਪ ਲਾਈਨ ਪਾਉਣ ਲਈ ਸੁੱਚੀ ਪਿੰਡ ਚੌਕ ਤੱਕ ਦੀ ਸੜਕ ਦੀ ਪੁਟਾਈ ਚੱਲ ਰਹੀ ਹੈ।

ਜਾਸ, ਜਲੰਧਰ : ਜਲੰਧਰ ਸਮਾਰਟ ਸਿਟੀ ਦੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਪਾਉਣ ਲਈ ਪੁੱਟੀ ਗਈ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦੀ ਸੜਕ ਮੌਨਸੂਨ ਤੋਂ ਪਹਿਲਾਂ ਹੀ ਲੋਕਾਂ ਲਈ ਮੁਸੀਬਤ ਬਣ ਗਈ ਹੈ। ਪਹਿਲਾਂ ਪੁੱਟੀ ਗਈ ਸੜਕ 'ਤੇ ਵਾਹਨ ਚਲਾਉਣ ਵਾਲਿਆਂ ਤੋਂ ਲੈ ਕੇ ਆਸ-ਪਾਸ ਦੀ ਆਬਾਦੀ ਦੇ ਲੋਕ ਤਿੱਖੀ ਧੁੱਪ ’ਚ ਧੂੜ-ਮਿੱਟੀ ਦੇ ਗੁਬਾਰ ਨਾਲ ਪਰੇਸ਼ਾਨ ਸਨ ਤੇ ਹੁਣ ਸ਼ਨਿਚਰਵਾਰ ਨੂੰ ਪਏ ਮੀਂਹ ਨੇ ਟੁੱਟੀ ਸੜਕ 'ਤੇ ਪਾਣੀ ਜਮ੍ਹਾਂ ਹੋਣ ਨਾਲ ਚਿੱਕੜ ਕਾਰਨ ਲੋਕਾਂ ਦਾ ਪੈਦਲ ਜਾਂ ਸਾਈਕਲ ’ਤੇ ਲੰਘਣਾ ਮੁਸ਼ਕਲ ਕਰ ਦਿੱਤਾ ਹੈ। ਮੋਟਰਸਾਈਕਲ, ਕਾਰ ਤੇ ਭਾਰੀ ਵਾਹਨਾਂ ਦਾ ਲੰਘਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜੇ ਮੌਨਸੂਨ ਤੋਂ ਪਹਿਲਾਂ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ ਤਾਂ ਹਾਈਵੇ ਰਾਹੀਂ ਸਰਵਿਸ ਰੋਡ ਤੋਂ ਲੰਘਣਾ ਮੁਸ਼ਕਲ ਹੋ ਜਾਵੇਗਾ।
ਪਾਣੀ ਦੀ ਪਾਈਪਾਂ ਪਾਉਣ ਲਈ ਲੰਮਾ ਪਿੰਡ ਚੌਕ ਤੋਂ ਫੋਕਲ ਪੁਆਇੰਟ ਚੌਕ ਤੱਕ ਤੇ ਦੂਜੇ ਪਾਸੇ ਪਠਾਨਕੋਟ ਚੌਕ ਤੋਂ ਸਰਬ ਮਲਟੀਪਲੈਕਸ ਤੱਕ ਦੀ ਸੜਕ ਪੁੱਟ ਕੇ ਪਾਈਪ ਪਾਉਣ ਦਾ ਕੰਮ ਹੋ ਚੁੱਕਾ ਹੈ। ਦੂਜੇ ਪਾਸੇ ਲੰਮਾ ਪਿੰਡ ਚੌਕ ਤੋਂ ਸੂਰਿਆ ਇਨਕਲੇਵ ਤੱਕ ਪਾਈਪ ਲਾਈਨ ਪਾਉਣ ਲਈ ਸੁੱਚੀ ਪਿੰਡ ਚੌਕ ਤੱਕ ਦੀ ਸੜਕ ਦੀ ਪੁਟਾਈ ਚੱਲ ਰਹੀ ਹੈ। ਇਸ ਰਾਹ 'ਤੇ ਖਾਸ ਕਰਕੇ ਪਠਾਨਕੋਟ ਚੌਕ, ਟ੍ਰਾਂਸਪੋਰਟ ਨਗਰ ਅਤੇ ਫੋਕਲ ਪੁਆਇੰਟ ਚੌਕ ਵਿਚ ਤਾਂ ਪਹਿਲਾਂ ਹੀ ਕਈ ਸਾਲਾਂ ਤੋਂ ਮੌਨਸੂਨ ’ਚ ਪਾਣੀ ਭਰਨ ਦੀ ਸਮੱਸਿਆ ਰਹੀ ਹੈ। ਇਨ੍ਹਾਂ ਥਾਵਾਂ 'ਤੇ ਹੀ ਅਚਾਨਕ ਬਰਸਾਤ ਮਗਰੋਂ ਪਾਣੀ ਭਰ ਗਿਆ ਹੈ। ਪੁੱਟੀ ਗਈ ਸੜਕ 'ਤੇ ਮਿੱਟੀ ਚਿੱਕੜ ਦੀ ਦਲਦਲ ’ਚ ਬਦਲ ਗਈ ਹੈ, ਜੋ ਕਈ ਥਾਵਾਂ ਧਸਣ ਕਾਰਨ ਵਾਹਨਾਂ ਦੇ ਪਲਟਣ ਦਾ ਖ਼ਤਰਾ ਬਣਾਉਂਦਾ ਹੈ। ਕੁੱਲ ਮਿਲਾ ਕੇ ਪੁੱਟੀ ਗਈ ਸੜਕ 'ਤੇ ਬਰਸਾਤੀ ਪਾਣੀ ਨੇ ਹਾਈਵੇ ਤੋਂ ਲੰਘਣ ਵਾਲੇ ਲੋਕਾਂ ਲਈ ਨਵੀਆਂ ਮੁਸੀਬਤਾਂ ਪੈਦਾ ਕਰ ਦਿੱਤੀਆਂ ਹਨ। ਕਈ ਥਾਈਂ ਮੇਨ ਹਾਈਵੇ 'ਤੇ ਪਾਣੀ ਜਮ੍ਹਾਂ ਹੋਣ ਕਾਰਨ ਵਾਹਨ ਲੰਘਣ ਦੀ ਬਜਾਏ ਰੇਂਗ ਰਹੇ ਹਨ।
ਹੋਰ ਵਧੇਗੀ ਮੁਸੀਬਤ, ਵੇਰਕਾ ਪਲਾਂਟ ਤੱਕ ਹੋਵੇਗੀ ਪੁਟਾਈ
ਆਉਣ ਵਾਲੇ ਦਿਨਾਂ ਵਿਚ ਪ੍ਰੀ-ਮੌਨਸੂਨ ਦਸਤਕ ਦੇਵੇਗਾ ਤਾਂ ਲੋਕਾਂ ਦੀ ਪਰੇਸ਼ਾਨੀ ਹੋਰ ਵਧੇਗੀ। ਕਾਰਨ ਫੋਕਲ ਪੁਆਇੰਟ ਚੌਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਰਵਿਸ ਲੇਨ ਦੀ ਪੁਟਾਈ ਕੀਤੀ ਜਾਣੀ ਹੈ। ਦੂਜੇ ਪਾਸੇ ਸੰਜੇ ਗਾਂਧੀ ਨਗਰ ਤੱਕ ਪੁਟਾਈ ਹੋ ਚੁੱਕੀ ਹੈ, ਜੋ ਅੱਗੇ ਭਗਤ ਸਿੰਘ ਕਾਲੋਨੀ ਨਹਿਰ ਤੱਕ ਪਾਈਪਾਂ ਪਾਉਣ ਲਈ ਪੁੱਟੀ ਜਾਣੀ ਹੈ।
ਫੈਕਟਰੀ ਵਾਲਿਆਂ ਨੇ ਟੋਇਆਂ ’ਚ ਪੁਆਈ ਮਿੱਟੀ
ਲੰਮਾ ਪਿੰਡ ਚੌਕ ਨੇੜੇ ਪੁਟੀ ਗਈ ਸੜਕ 'ਤੇ ਬਰਸਾਤੀ ਪਾਣੀ ਭਰਨ ਮਗਰੋਂ ਮਿੱਟੀ ਧਸ ਗਈ ਸੀ। ਜਿੱਥੇ ਵਾਹਨ ਦੇ ਪਲਟਣ ਦਾ ਖ਼ਤਰਾ ਬਣਿਆ ਹੋਇਆ ਸੀ। ਮੌਕੇ ਦੇ ਹਾਲਾਤ ਦੇਖ ਕੇ ਇਕ ਫੈਕਟਰੀ ਵਾਲੇ ਨੇ ਟੋਇਆਂ ’ਚ ਮਿੱਟੀ ਭਰਵਾਈ।
ਪਹਿਲਾਂ ਮਿੱਟੀ ਹੁਣ ਚਿੱਕੜ
ਲੰਮਾ ਪਿੰਡ ਚੌਕ ਨੇੜੇ ਮੋਟਰਸਾਈਕਲ ਰਿਪੇਅਰ ਕਰਨ ਵਾਲੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਪਾਈਪ ਪਾਉਣ ਲਈ ਸੜਕ ਪੁੱਟਣ ਬਾਅਦ ਤੋਂ ਮਿੱਟੀ ਉੱਡਦੀ ਸੀ ਤੇ ਹੁਣ ਮੀਂਹ ਪੈਣ ਤੋਂ ਬਾਅਦ ਚਿੱਕੜ ਹੋਣ ਨਾਲ ਪਰੇਸ਼ਾਨੀ ਹੋ ਰਹੀ ਹੈ।
ਦੁਕਾਨ ’ਚ ਗਾਹਕਾਂ ਦਾ ਆਉਣਾ ਮੁਸ਼ਕਲ
ਦੁਕਾਨਦਾਰ ਜਗਦੀਸ਼ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾਂ ਟੁੱਟੀ ਸੜਕ ਤੇ ਹੁਣ ਬਰਸਾਤ ਦੇ ਕਾਰਨ ਚਿੱਕੜ ਭਰੀ ਸੜਕ 'ਤੇ ਆਉਣ-ਜਾਣ ਦੇ ਨਾਲ-ਨਾਲ ਗਾਹਕਾਂ ਦਾ ਆਉਣਾ ਵੀ ਮੁਸ਼ਕਲ ਹੋ ਗਿਆ ਹੈ।
ਗੱਡੀਆਂ ਨੂੰ ਵੀ ਕਾਫੀ ਨੁਕਸਾਨ
ਪੇਸ਼ੇ ਤੋਂ ਡਰਾਈਵਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਸੜਕ ਕਾਰਨ ਕਈ ਗੱਡੀਆਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ। ਟੋਇਆਂ ਤੇ ਚਿੱਕੜ ’ਚ ਕਈ ਵਾਹਨਾਂ ਨੂੰ ਫਸਣ ਮਗਰੋਂ ਕ੍ਰੇਨ ਦੀ ਮਦਦ ਨਾਲ ਕੱਢਿਆ ਜਾਂਦਾ ਹੈ।
ਢਾਬੇ ਦਾ ਕੰਮ ਖਤਮ ਹੋਣ ਜਿਹਾ
ਢਾਬਾ ਸੰਚਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੜਕ ਦੇ ਕਾਰਨ ਦੁਕਾਨਦਾਰੀ ਖਤਮ ਹੋਣ ਕੰਢੇ ਹੈ। ਸੜਕਾਂ 'ਤੇ ਵਾਹਨ ਨਾ ਖੜ੍ਹੇ ਹੋਣ ਕਾਰਨ ਕੰਮ-ਕਾਜ 'ਤੇ ਕਾਫੀ ਅਸਰ ਪਿਆ ਹੈ, ਧੂੜ-ਮਿੱਟੀ ਮਗਰੋਂ ਚਿੱਕੜ ਦੀ ਪਰੇਸ਼ਾਨੀ ਵੱਖਰੀ ਹੈ।