ਸਰਦੀਆਂ ਦੇ ਮੌਸਮ ’ਚ ਠੰਢ ਦੇ ਪ੍ਰਕੋਪ ਨਾਲ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ। ਠੰਢੀਆਂ ਤੇ ਸੁੱਕੀਆਂ ਹਵਾਵਾਂ ਕਾਰਨ ਖੰਘ, ਜ਼ੁਕਾਮ, ਬੁਖਾਰ, ਰੇਸ਼ਾ ਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਵਧ ਰਹੀਆਂ ਹਨ, ਜਿਸ ਕਾਰਨ ਲੋਕ ਵੱਡੀ ਗਿਣਤੀ ’ਚ ਇਲਾਜ ਲਈ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਡਾਕਟਰਾਂ ਅਨੁਸਾਰ ਠੰਢ ਤੋਂ ਬਚਣ ਲਈ ਬੰਦ ਕਮਰਿਆਂ ’ਚ ਹੀਟਰ ਜਾਂ ਅੰਗੀਠੀ ਦੀ ਵਰਤੋਂ ਕਈ ਵਾਰ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਸਰਦੀਆਂ ਦੇ ਮੌਸਮ ’ਚ ਠੰਢ ਦੇ ਪ੍ਰਕੋਪ ਨਾਲ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ। ਠੰਢੀਆਂ ਤੇ ਸੁੱਕੀਆਂ ਹਵਾਵਾਂ ਕਾਰਨ ਖੰਘ, ਜ਼ੁਕਾਮ, ਬੁਖਾਰ, ਰੇਸ਼ਾ ਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਵਧ ਰਹੀਆਂ ਹਨ, ਜਿਸ ਕਾਰਨ ਲੋਕ ਵੱਡੀ ਗਿਣਤੀ ’ਚ ਇਲਾਜ ਲਈ ਹਸਪਤਾਲਾਂ ਦਾ ਰੁਖ ਕਰ ਰਹੇ ਹਨ। ਡਾਕਟਰਾਂ ਅਨੁਸਾਰ ਠੰਢ ਤੋਂ ਬਚਣ ਲਈ ਬੰਦ ਕਮਰਿਆਂ ’ਚ ਹੀਟਰ ਜਾਂ ਅੰਗੀਠੀ ਦੀ ਵਰਤੋਂ ਕਈ ਵਾਰ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਬੰਦ ਕਮਰੇ ’ਚ ਹੀਟਰ ਜਾਂ ਅੰਗੀਠੀ ਨਾਲ ਸੇਕ ਕਰਨ ਨਾਲ ਆਕਸੀਜਨ ਦੀ ਕਮੀ ਹੋ ਸਕਦੀ ਹੈ, ਜੋ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਖ਼ਾਸ ਕਰਕੇ ਸਾਹ ਨਾਲ ਸਬੰਧਤ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਠੰਢ ’ਚ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਸੂਪ, ਚਾਹ ਅਤੇ ਕੌਫੀ ਵਰਗੇ ਗਰਮ ਪਦਾਰਥਾਂ ਦੇ ਸੇਵਨ ਦੀ ਸਲਾਹ ਦਿੱਤੀ, ਜਿਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ।
ਸਿਵਲ ਹਸਪਤਾਲ ਫਿਲੌਰ ਦੇ ਡਾ. ਨੀਰਜ ਸੋਢੀ ਨੇ ਕਿਹਾ ਕਿ ਸਰਦੀਆਂ ’ਚ ਘਰੋਂ ਬਾਹਰ ਨਿਕਲਣ ਸਮੇਂ ਗਰਮ ਕੱਪੜੇ, ਟੋਪੀ, ਮਫ਼ਲਰ, ਦਸਤਾਨੇ, ਜੁਰਾਬਾਂ ਤੇ ਬੂਟ ਜ਼ਰੂਰ ਪਾਉਣੇ ਚਾਹੀਦੇ ਹਨ। ਉਨ੍ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨ ਤੇ ਨਿਯਮਤ ਸੈਰ ਦੌਰਾਨ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕੋਸੇ ਪਾਣੀ ਦੇ ਸੇਵਨ ਨਾਲ ਸਰੀਰ ’ਚ ਪਾਣੀ ਦੀ ਘਾਟ ਤੋਂ ਬਚਾਅ ਦੀ ਸਲਾਹ ਵੀ ਦਿੱਤੀ।
ਡਾ. ਜਸਵਿੰਦਰ ਚੀਮਾ ਨੇ ਦੱਸਿਆ ਕਿ ਸਰਦੀਆਂ ’ਚ ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਦੇ ਬਚਾਅ ਲਈ ਗਰਮ ਕੱਪੜੇ ਪਹਿਨਾਉਣ ਤੇ ਬਿਨਾਂ ਲੋੜ ਘਰੋਂ ਬਾਹਰ ਨਾ ਭੇਜਣ ਦੀ ਲੋੜ ਹੈ। ਇਸ ਨਾਲ ਬੱਚੇ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਰਹਿ ਸਕਦੇ ਹਨ। ਡਾ. ਅਸ਼ਨੀ ਕੁਮਾਰ ਸ਼ਾਹਪੁਰ ਨੇ ਕਿਹਾ ਕਿ ਸਰਦੀਆਂ ’ਚ ਬੁਖਾਰ, ਖੰਘ ਤੇ ਜੁਕਾਮ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ।
ਜੇ ਇਹ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਤਾਂ ਟੈਸਟ ਕਰਵਾ ਕੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਯਾਤਰਾ ਦੌਰਾਨ ਗਰਮ ਕੱਪੜੇ ਪਹਿਨਣ ਤੇ ਥਰਮਸ ’ਚ ਗਰਮ ਪਾਣੀ ਰੱਖ ਕੇ ਪੀਣ ਦੀ ਸਲਾਹ ਦਿੱਤੀ ਤਾਂ ਜੋ ਸਰੀਰ ’ਚ ਪਾਣੀ ਦੀ ਘਾਟ ਨਾ ਹੋਵੇ। ਡਾਕਟਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਦੀਆਂ ਦੇ ਮੌਸਮ ’ਚ ਸਾਵਧਾਨੀਆਂ ਅਪਣਾ ਕੇ ਹੀ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ।