ਛੇਵਾਂ ਮਹੱਲਾ ਨਿਹੰਗ ਸਿੰਘਾਂ, ਘੋੜ ਦੋੜਾਂ ਤੇ ਗੱਤਕਾ ਸਮਾਗਮ ਸ਼ੁਰੂ
ਛੇਵਾਂ ਮੁੱਹਲਾ ਨਿਹੰਗ ਸਿੰਘਾਂ, ਘੋੜ ਦੋੜਾਂ ਤੇ ਗਤਕਾ ਸਮਾਗਮਾਂ ਦੀ ਸ਼ਾਨੋ ਸ਼ੌਕਤ ਨਾਲ ਹੋਈ ਆਰੰਭਤਾ
Publish Date: Sat, 06 Dec 2025 08:02 PM (IST)
Updated Date: Sat, 06 Dec 2025 08:06 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੇ ਬਾਬਾ ਫਤਿਹ ਸਿੰਘ ਫਾਊਂਡੇਸ਼ਨ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 6 ਤੇ 7 ਦਸੰਬਰ ਨੂੰ ਸਜਾਏ ਜਾਣ ਵਾਲੇ ਛੇਵਾਂ ਮਹੱਲਾ ਨਿਹੰਗ ਸਿੰਘਾਂ, ਘੋੜ ਦੌੜਾਂ ਤੇ ਗਤਕਾ ਸਮਾਗਮਾਂ ਦੀ ਆਰੰਭਤਾ ਰਾਣੀ ਬਾਗ ਤੋਂ ਸ਼ਾਨੋ-ਸ਼ੌਕਤ ਨਾਲ ਹੋਈ। ਬਾਬਾ ਭਵਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਤੇ ਬਾਬਾ ਸ਼ੇਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਦੁਪਹਿਰ 12 ਵਜੇ ਅਮਿ੍ਤ ਸੰਚਾਰ ਕਰਵਾਇਆ ਗਿਆ। ਜਿਸ ’ਚ ਸਿੰਘ ਸਾਹਿਬ ਜਥੇਦਾਰ ਬਾਬਾ ਨਾਗਰ ਸਿੰਘ ਵੱਲੋਂ ਪੰਜ ਪਿਆਰਿਆਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ’ਚ 50 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਪਰੰਤ ਸ਼ਾਮ 6 ਤੋਂ ਰਾਤ 10 ਵਜੇ ਤਕ ਕਰਵਾਏ ਗਏ ਕੀਰਤਨ ਸਮਾਮਗ ’ਚ ਭਾਈ ਸੁਖਬੀਰ ਸਿੰਘ ਕਵੀਸ਼ਰੀ ਜਥਾ ਤੇ ਭਾਈ ਅਮਨਵੀਰ ਸਿਘ ਕਵੀਸ਼ਰੀ ਜਥੇ ਵੱਲੋਂ ਕਵੀਸ਼ਰੀ ਰਾਹੀਂ ਗੁਰੂ ਸਾਹਿਬ ਦੀ ਸ਼ਹੀਦੀ ’ਤੇ ਚਾਨਣਾ ਪਾਇਆ। ਭਾਈ ਸੁਖਵਿੰਦਰ ਸਿੰਘ ਜਗਰਾਵਾਂ, ਭਾਈ ਸੁਖਵਿੰਦਰ ਸਿੰਘ ਜਲੰਧਰ ਦੇ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ ਅੱਜ 7 ਦਸੰਬਰ ਨੂੰ ਮਹੱਲਾ ਸਜਾਇਆ ਜਾਵੇਗਾ ਜਿਸ ’ਚ ਵੱਡੀ ਗਿਣਤੀ ’ਚ ਸੰਤ ਮਹਾਪੁਰਸ਼ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਨਾਗਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਦਸਮੇਸ਼ ਤਰਨਾ ਦਲ ਤੋਂ ਸਿਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਕ ਵਾਲੇ ਬਾਬਾ ਬਲਵਿੰਦਰ ਸਿਘ, ਮਿਸਲ ਸ਼ਹੀਦਾਂ ਤਰਨਾ ਦਲ ਖਿਆਲੇ ਵਾਲੇ ਬਾਬਾ ਤਰਲੋਕ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਸਿੰਘ ਸਾਹਿਬ ਬਾਬਾ ਗੁਰਚਰਨ ਸਿੰਘ, ਦਮਦਮੀ ਟਕਸਾਲ ਤੋ ਸਿੰਘ ਸਾਹਿਬ ਜਥੇਦਾਰ ਬਾਬਾ ਤੇਜਬੀਰ ਸਿੰਘ, ਐੱਸਜੀਪੀਸੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮਨੰਣ ਤੋਂ ਇਲਾਵਾ ਹੋਰ ਵੀ ਪੰਥਕ ਹਸਤੀਆਂ ਪਹੁੰਚ ਰਹੀਆਂ ਹਨ। ਮੁੱਹਲਾ ਨਿਹੰਗ ਸਿੰਘਾ ਸੇਵਰੇ 11 ਵਜੇ ਰਾਣੀ ਬਾਗ ਨੇੜੇ ਬਸਤੀ ਪੀਰ ਦਾਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸਭਾ ਬਸਤੀ ਪੀਰ ਦਾਦ, ਗੁਰਦੁਆਰਾ ਬਾਬਾ ਬੁਢਾ ਜੀ, ਗੁ. ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਮਿਠੂ ਬਸਤੀ, ਗੁਰੂ ਨਾਨਕ ਦੇਵ ਜੀ ਨਗਰ, ਗੁ.ਆਦਰਸ਼ ਨਗਰ, ਝੰਡੀਆਂ ਵਾਲਾ ਪੀਰ, ਅਵਤਾਰ ਨਗਰ, ਡਾ. ਬੀ.ਆਰ. ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ ਤੋਂ ਹੁੰਦੇ ਹੋਏ ਦੁਪਹਿਰ 3 ਵਜੇ ਬਰਲਟਨ ਪਾਰਕ ਵਿਖੇ ਸਮਾਪਤ ਹੋਵੇਗਾ। ਉਪਰੰਤ ਬਲਟਰਨ ਪਾਰਕ ਵਿਖੇ ਗਤਕਾ ਤੇ ਘੋੜ ਦੌੜਾਂ ਕਰਵਾਈਆਂ ਜਾਣਗੀਆਂ ਜਿਸ ’ਚ ਯੋਧੇ ਆਪਣੇ ਜੌਹਰ ਦਿਖਾਉਣਗੇ।