ਬੱਚੀ ਦਾ ਦਰਿੰਦਗੀ ਨਾਲ ਕਤਲ ਕਰਨ ਵਾਲੇ ਦਿੱਤੀ ਜਾਵੇ ਫਾਂਸੀ : ਜਥੇਦਾਰ ਗੜਗੱਜ
ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਤਲ ਕੀਤੀ ਬੱਚੀ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਕੀਤੀ ਮੁਲਾਕਾਤ
Publish Date: Thu, 27 Nov 2025 07:55 PM (IST)
Updated Date: Thu, 27 Nov 2025 07:56 PM (IST)

-ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੀੜਤਾ ਦੇ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਕੀਤੀ ਮੁਲਾਕਾਤ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 13 ਸਾਲਾ ਮਾਸੂਮ ਬੱਚੀ ਦਾ ਦਰਿੰਦਗੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦਾ ਹੈ। ਸਿੰਘ ਸਾਹਿਬ ਵੀਰਵਾਰ ਨੂੰ ਬੱਚੀ ਦੇ ਅੰਤਿਮ ਅਰਦਾਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ। ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਬੱਚੀ ਦੀ ਆਤਮਿਕ ਸ਼ਾਂਤੀ ਲਈ ਖੁਦ ਅਰਦਾਸ ਕੀਤੀ ਤੇ ਹਾਜ਼ਰ ਸੰਗਤ ਨੂੰ ਹੁਕਮਨਾਮਾ ਵੀ ਸਰਵਣ ਕਰਵਾਇਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚੀ ਸਿੱਖ ਕੌਮ ਇਸ ਔਖੀ ਘੜੀ ’ਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਵਿਅਕਤੀ ਦੀ ਸ਼ੈਤਾਨ ਸੋਚ ਹੈ ਤੇ ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਤੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਹੈ ਕਿਉਂਕਿ 13 ਸਾਲ ਦੀ ਬੱਚੀ ਨੂੰ ਬਹੁਤ ਹੀ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਖਾਸੀਅਤ ਹੈ ਕਿ ਇੱਥੇ ਧੀਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਤੇ ਭਾਵੇਂ ਇੱਥੇ ਜੰਗਾਂ ਵੀ ਹੋਈਆਂ ਤਾਂ ਕਿਸੇ ਦੀ ਧੀ-ਭੈਣ ਨਾਲ ਕੋਈ ਅਜਿਹਾ ਨਹੀਂ ਕਰਦਾ। ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਪਰਿਵਾਰ ਨੂੰ ਬੱਚੀ ਨਹੀਂ ਲੱਭ ਰਹੀ ਸੀ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਅਧਿਕਾਰੀ ਮੁਲਜ਼ਮ ਦੀ ਘਰੋਂ ਬਾਰੀਕੀ ਨਾਲ ਜਾਂਚ ਕਰੇ ਬਿਨਾਂ ਹੀ ਵਾਪਸ ਆ ਗਏ। ਬਾਅਦ ’ਚ ਹੋਰ ਸਖ਼ਤੀ ਹੋਣ ’ਤੇ ਬੱਚੀ ਦੀ ਲਾਸ਼ ਮੁਲਜ਼ਮ ਦੇ ਘਰੋਂ ਹੀ ਮਿਲੀ। ਜਥੇਦਾਰ ਗੜਗੱਜ ਨੇ ਕਿਹਾ ਕਿ ਦੋਸ਼ੀ ਵਿਅਕਤੀ ਸਮਾਜ ’ਚ ਇਕ ਦਰਿੰਦਾ ਹੈ, ਜਿਸ ਨੂੰ ਕਾਨੂੰਨ ਮੁਤਾਬਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਰਿੰਦੇ ਭਾਵੇਂ ਉਹ ਕਿਸੇ ਵੀ ਸੂਬੇ ਜਾਂ ਧਰਮ ਦੇ ਹੋਣ, ਉਨ੍ਹਾਂ ਨੂੰ ਜੇਕਰ ਫਾਂਸੀ ਹੋਵੇਗੀ ਤਾਂ ਅਜਿਹੇ ਪਾਪ ਦੁਨੀਆ ਤੋਂ ਰੁਕਣਗੇ। ਉਨ੍ਹਾਂ ਕਿਹਾ ਇਨਸਾਫ਼ ਦੀ ਲੜਾਈ ’ਚ ਉਹ ਪਰਿਵਾਰ ਦੇ ਨਾਲ ਹਨ। ਜਥੇਦਾਰ ਗੜਗੱਜ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮਾਜ ’ਚ ਅਜਿਹੇ ਦਰਿੰਦਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ---- ਐੱਫਆਈਆਰ ਕਮਜ਼ੋਰ, ਮੁਲਜ਼ਮ ਬਰੀ ਹੋ ਸਕਦਾ ਹੈ : ਸ਼ਸ਼ੀ ਸ਼ਰਮਾ ਪਾਰਸ ਅਸਟੇਟ ’ਚ 13 ਸਾਲ ਦੀ ਬੱਚੀ ਨਾਲ ਜ਼ਬਰ-ਜਨਾਹ ਕਰਨ ਤੋਂ ਬਾਅਦ ਕਤਲ ਦੇ ਮੁਲਜ਼ਮ ਖ਼ਿਲਾਫ਼ ਜੋ ਐੱਫਆਈਆਰ ਦਰਜ ਕੀਤੀ ਗਈ ਹੈ, ਉਹ ਗਲਤ ਹੈ। ਇਸ ’ਚ ਦਰਜ ਕੀਤੀ ਗਈ ਕਹਾਣੀ ਮੁਲਜ਼ਮ ਨੂੰ ਬਚਾ ਸਕਦੀ ਹੈ। ਇਹ ਗੱਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਦੱਸੀ, ਜਿਹੜੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਏਐੱਸਆਈ ਮੰਗਤ ਰਾਮ ਦੀ ਗਵਾਹੀ ਅਦਾਲਤ ’ਚ ਹੋਈ ਤਾਂ ਉਹ ਕਹੇਗਾ ਕਿ ਉਸ ਨੂੰ ਉੱਥੇ ਲਾਸ਼ ਨਹੀਂ ਮਿਲੀ ਸੀ, ਕਿਸੇ ਨੇ ਬਾਅਦ ’ਚ ਲਾਸ਼ ਉੱਥੇ ਰੱਖ ਦਿੱਤੀ। ਇਸ ਨਾਲ ਮੁਲਜ਼ਮ ਬਰੀ ਹੋ ਸਕਦਾ ਹੈ ਤੇ ਮਾਮਲਾ ਕਿਸੇ ਹੋਰ ਪਾਸੇ ਮੁੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਆਪਣਾ ਮੁਲਾਜ਼ਮ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਫਿਰ ਵੀ ਕੇਸ ਕਮਜ਼ੋਰ ਹੀ ਰਹੇਗਾ। ਸ਼ਰਮਾ ਨੇ ਕਿਹਾ ਕਿ ਏਐੱਸਆਈ ਨੇ ਉੱਥੇ ਤੋਂ ਪੈਸੇ ਵੀ ਲਏ ਤੇ ਲਾਸ਼ ਨਾ ਹੋਣ ਦੀ ਗੱਲ ਕਹੀ ਤਾਂ ਕਿ ਅਦਾਲਤ ’ਚ ਕੇਸ ਕਮਜ਼ੋਰ ਹੋ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਉਸ ’ਤੇ ਲਾਪਰਵਾਹੀ ਦੀ ਬਜਾਏ ਸਬੂਤ ਨਸ਼ਟ ਕਰਨ ਦਾ ਮੁਕੱਦਮਾ ਦਰਜ ਕਰੇ ਤੇ ਉਸ ਵਿਰੁੱਧ ਵੀ ਐੱਫਆਈਆਰ ਹੋਵੇ ਤਾਂ ਜੋ ਅਦਾਲਤ ’ਚ ਇਹ ਸਾਬਤ ਹੋ ਸਕੇ ਕਿ ਲੜਕੀ ਦਾ ਕਤਲ ਰਿੰਪੀ ਨੇ ਕੀਤਾ ਸੀ ਤੇ ਏਐੱਸਆਈ ਮੰਗਤ ਰਾਮ ਨੇ ਲਾਸ਼ ਦੇਖ ਕੇ ਵੀ ਅਣਡਿੱਠਾ ਕੀਤਾ। ਵਿਪਨ ਸੱਭਰਵਾਲ ਨੇ ਵੀ ਕਿਹਾ ਕਿ ਉਹ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰਨਗੇ ਤੇ ਸਭ ਮੁਲਜ਼ਮ ਤੇ ਕਾਰਵਾਈ ਹੋਵੇ।