ਸਿੱਖ ਸਮੂਹਾਂ ਨੇ ਜਾਅਲੀ ਨਾਕਾ ਮਾਮਲੇ ’ਚ ਸਖ਼ਤ ਰੁਖ਼ ਅਪਣਾਇਆ
ਸਿੱਖ ਸਮੂਹਾਂ ਨੇ ਜਾਅਲੀ ਨਾਕਾ ਮਾਮਲੇ ’ਚ ਸਖ਼ਤ ਰੁਖ਼ ਅਪਣਾਇਆ
Publish Date: Thu, 29 Jan 2026 07:50 PM (IST)
Updated Date: Thu, 29 Jan 2026 07:58 PM (IST)
-ਸੀਪੀ ਦਫ਼ਤਰ ਪੁੱਜੇ ਕੇ ਚਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਰਾਕੇਸ਼ ਗਾਂਧੀ/ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਮਸ ਹਸਪਤਾਲ ਦੇ ਬਾਹਰ ਕਥਿਤ ਜਾਅਲੀ ਨਾਕੇ ਦਾ ਮਾਮਲਾ ਹੋਰ ਵੀ ਵਧ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਿਵ ਸੈਨਾ ਆਗੂ ਦੇ ਗੰਨਮੈਨ ਕਾਂਸਟੇਬਲ ਮਨੀ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਸਿੱਖ ਸਮੂਹਾਂ ਨੇ ਇਸ ਕਾਰਵਾਈ ਨੂੰ ਨਾਕਾਫ਼ੀ ਦੱਸਿਆ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਸੰਗਠਨਾਂ ਦੇ ਪ੍ਰਤੀਨਿਧੀ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ ਤੇ ਪੂਰੇ ਮਾਮਲੇ ਸਬੰਧੀ ਇਕ ਮੰਗ ਪੱਤਰ ਸੌਂਪਿਆ। ਸਮੂਹਾਂ ਨੇ ਸ਼ਿਵਰਾਜ ਬਿੱਲਾ, ਸ਼ਿਵ ਸੈਨਾ ਆਗੂ ਵਿਨੇ ਕਪੂਰ, ਮੋਹਿਤ ਅੰਗੁਰਾਲ ਤੇ ਕਾਂਸਟੇਬਲ ਮਨੀ ਕੁਮਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਆਗੂਆਂ ਦਾ ਕਹਿਣਾ ਹੈ ਕਿ 24 ਤਰੀਖ ਨੂੰ ਵਾਪਰੀ ਘਟਨਾ ਤੋਂ ਬਾਅਦ, ਉਨ੍ਹਾਂ ਨੇ ਵਾਰ-ਵਾਰ ਅਧਿਕਾਰੀਆਂ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ ਪਰ ਤਿੰਨ ਦਿਨਾਂ ਤੋਂ ਕੋਈ ਜਵਾਬ ਨਹੀਂ ਮਿਲਿਆ। ਸਿੱਖ ਨੇਤਾਵਾਂ ਦਾ ਦੋਸ਼ ਹੈ ਕਿ ਕਾਂਸਟੇਬਲ ਮਨੀ ਕੁਮਾਰ ਪਹਿਲਾਂ ਵੀ ਕਈ ਵਿਵਾਦਾਂ ’ਚ ਸ਼ਾਮਲ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਹ ਆਪਣੀ ਵਰਦੀ ਦੀ ਦੁਰਵਰਤੋਂ ਕਰਦਾ ਰਿਹਾ ਹੈ, ਅਕਸਰ ਫਾਸਟ ਫੂਡ ਦੁਕਾਨਾਂ ਤੋਂ ਮੁਫ਼ਤ ਖਾਣਾ ਲੈਂਦਾ ਰਿਹਾ ਹੈ। ਸੰਗਠਨਾਂ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਸਿਰਫ਼ ਲਾਈਨ ਹਾਜ਼ਰ ਕਰਨਾ ਕਾਫ਼ੀ ਨਹੀਂ ਹੈ, ਇਸ ਦੀ ਬਜਾਏ, ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮਨੀ ਕੁਮਾਰ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਇਕ ਅੰਦੋਲਨ ਸ਼ੁਰੂ ਕਰਨਗੇ ਤੇ ਇਸ ਮੁੱਦੇ ਵਿਰੁੱਧ ਇਕ ਵੱਡੀ ਮੁਹਿੰਮ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਭਿਆਨਕ ਹੈ ਤੇ ਸੁਰੱਖਿਆ ਦੇ ਨਾਂ 'ਤੇ ਨਕਲੀ ਨਾਕੇ ਸਥਾਪਤ ਕਰਨਾ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਇਸ ਸਮੇਂ ਦੌਰਾਨ ਸ਼ਿਵ ਸੈਨਾ ਨੇਤਾ ਵਿਨੈ ਕਪੂਰ 'ਤੇ ਸੋਸ਼ਲ ਮੀਡੀਆ 'ਤੇ ਧਮਕੀਆਂ ਪੋਸਟ ਕਰਨ ਤੇ ਪੁਲਿਸ ਕਾਰਵਾਈ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਸਿੱਖ ਸੰਗਠਨਾਂ ਨੇ ਸਪੱਸ਼ਟ ਕੀਤਾ ਕਿ ਉਹ ਸੁਰੱਖਿਆ ਦੀ ਜ਼ਰੂਰਤ ਤੋਂ ਇਨਕਾਰ ਨਹੀਂ ਕਰ ਰਹੇ ਹਨ ਪਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੀਤੀਆਂ ਗਈਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਖਿਰ ’ਚ ਸੰਗਠਨਾਂ ਨੇ ਚਾਰ ਦੋਸ਼ੀਆਂ ਵਿਰੁੱਧ ਨਿਰਪੱਖ ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਫੈਸਲਾ ਨਾ ਲਿਆ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।