ਸਰਕਾਰੀ ਕਾਲਜ 'ਚ ਗੁੰਡਾਗਰਦੀ: ਦੋਸਤੀ ਤੋਂ ਇਨਕਾਰ ਕਰਨ 'ਤੇ ਵਿਦਿਆਰਥਣ 'ਤੇ ਤਾਣੀ ਪਿਸਤੌਲ
ਇਨਕਾਰ ਕਰਨ ਦੇ ਬਾਵਜੂਦ ਉਹ ਲਗਾਤਾਰ ਪਰੇਸ਼ਾਨ ਕਰਦਾ ਆ ਰਿਹਾ ਸੀ। ਬੀਤੇ ਦਿਨ ਜਦੋਂ ਉਹ ਕਾਲਜ ਵਿਚ ਆਪਣਾ ਪੇਪਰ ਦੇਣ ਤੋਂ ਬਾਅਦ ਘਰ ਜਾਣ ਲਈ ਬਾਹਰ ਨਿਕਲੀ ਤਾਂ ਨੌਜਵਾਨ ਨੇ ਰਸਤਾ ਰੋਕ ਲਿਆ। ਪਹਿਲਾਂ ਉਸ ਨੇ ਗਾਲੀ-ਗਲੋਚ ਕੀਤੀ ਤੇ ਫਿਰ ਕੁੜੀ ‘ਤੇ ਪਿਸਤੌਲ ਤਾਣ ਦਿੱਤੀ।
Publish Date: Fri, 22 May 2026 12:51 PM (IST)
Updated Date: Fri, 22 May 2026 12:53 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਵਿਚ ਦੋਸਤੀ ਤੋਂ ਇਨਕਾਰ ਕਰਨ ’ਤੇ ਮੁੰਡੇ ਵੱਲੋਂ ਵਿਦਿਆਰਥਣ ‘ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥਣ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਵਿਦਿਆਰਥਣ ਨੇ ਦੱਸਿਆ ਕਿ ਉਸ ਦੇ ਨਾਲ ਹੀ ਪੜ੍ਹਦਾ ਇਕ ਨੌਜਵਾਨ, ਜੋ ਕਿ ਪਿੰਡ ਮਾਣਕਪੁਰ ਦਾ ਰਹਿਣ ਵਾਲਾ ਹੈ, ਉਸ ਨੂੰ ਕਾਫੀ ਲੰਬੇ ਸਮੇਂ ਤੋਂ ਦੋਸਤੀ ਕਰਨ ਲਈ ਮਜਬੂਰ ਕਰ ਰਿਹਾ ਸੀ।
ਇਨਕਾਰ ਕਰਨ ਦੇ ਬਾਵਜੂਦ ਉਹ ਲਗਾਤਾਰ ਪਰੇਸ਼ਾਨ ਕਰਦਾ ਆ ਰਿਹਾ ਸੀ। ਬੀਤੇ ਦਿਨ ਜਦੋਂ ਉਹ ਕਾਲਜ ਵਿਚ ਆਪਣਾ ਪੇਪਰ ਦੇਣ ਤੋਂ ਬਾਅਦ ਘਰ ਜਾਣ ਲਈ ਬਾਹਰ ਨਿਕਲੀ ਤਾਂ ਨੌਜਵਾਨ ਨੇ ਰਸਤਾ ਰੋਕ ਲਿਆ। ਪਹਿਲਾਂ ਉਸ ਨੇ ਗਾਲੀ-ਗਲੋਚ ਕੀਤੀ ਤੇ ਫਿਰ ਕੁੜੀ ‘ਤੇ ਪਿਸਤੌਲ ਤਾਣ ਦਿੱਤੀ।
ਜਦੋਂ ਡਰ ਦੇ ਮਾਰੇ ਕੁੜੀ ਨੇ ਰੌਲਾ ਪਾਇਆ ਤਾਂ ਮੌਕੇ 'ਤੇ ਕਾਲਜ ਦਾ ਸਟਾਫ ਪੁੱਜ ਗਿਆ, ਜਿਨ੍ਹਾਂ ਨੂੰ ਆਉਂਦਾ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਡੂੰਘੇ ਸਦਮੇ ’ਚ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼ਾਹਕੋਟ ਦੀ ਪੁਲਿਸ ਤੁਰੰਤ ਹਰਕਤ ’ਚ ਆਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਤੀਰਥ ਰਾਮ ਨੇ ਦੱਸਿਆ ਕਿ ਪੁਲਿਸ ਨੇ ਮਾਣਕਪੁਰ ਵਾਸੀ ਮੁਲਜ਼ਮ ਨੌਜਵਾਨ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 74, 126(2), 351(3) ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।