ਵਾਰਡ-60 ਦਾ ਸੀਵਰੇਜ ਕਬਾੜੀਆਂ ਕਾਰਨ ਹੋ ਰਿਹੈ ਜਾਮ
ਵਾਰਡ ਨੰਬਰ 60 ਦਾ ਸੀਵਰੇਜ ਕਬਾੜੀਆਂ ਕਾਰਨ ਹੋ ਰਿਹਾ ਜਾਮ
Publish Date: Wed, 10 Dec 2025 09:34 PM (IST)
Updated Date: Wed, 10 Dec 2025 09:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 60 ਦੇ ਮਾਤਾ ਸੰਤ ਕੌਰ ਨਗਰ ’ਚ ਸੀਵਰੇਜ ਸਫਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਕਬਾੜ ਦਾ ਕੰਮ ਕਰਨ ਵਾਲੇ ਲੋਕ ਵੱਖ-ਵੱਖ ਤਰ੍ਹਾਂ ਦਾ ਸਾਮਾਨ ਸੀਵਰੇਜ ’ਚ ਸੁੱਟ ਰਹੇ ਹਨ। ਇਸ ਇਲਾਕੇ ’ਚ ਕਈ ਦਿਨਾਂ ਤੋਂ ਸੀਵਰੇਜ ਦੀ ਸਮੱਸਿਆ ਚੱਲ ਰਹੀ ਸੀ ਤੇ ਜਦੋਂ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਸੀਵਰੇਜ ਸਫਾਈ ਸ਼ੁਰੂ ਕਰਵਾਈ ਤਾਂ ਇਹ ਮਾਮਲਾ ਬਾਹਰ ਆਇਆ। ਸੀਵਰੇਜ ਮੈਨਹੋਲ ’ਚੋਂ ਵੱਡੀ ਮਾਤਰਾ ’ਚ ਕੱਪੜੇ ਅਤੇ ਹੋਰ ਸਮਾਨ ਨਿਕਲਿਆ, ਜਿਸ ਨੂੰ ਹਟਾਉਣ ’ਚ ਨਿਗਮ ਕਰਮਚਾਰੀਆਂ ਨੂੰ ਕਾਫ਼ੀ ਸਮਾਂ ਲੱਗਿਆ। ਆਪ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਇਲਾਕੇ ਤੋਂ ਕਈ ਦਿਨਾਂ ਤੋਂ ਬੰਦ ਸੀਵਰ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਤੇ ਅੱਜ ਜਦੋਂ ਮੈਨਹੋਲ ਖੋਲ੍ਹਿਆ ਗਿਆ ਤਾਂ ਉਹ ਪੂਰੀ ਤਰ੍ਹਾਂ ਕੱਪੜਿਆਂ ਨਾਲ ਭਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਮੇਅਰ ਵਨੀਤ ਧੀਰ ਨੂੰ ਇਸ ਸਮੱਸਿਆ ਬਾਰੇ ਦੱਸਿਆ ਜਾਵੇਗਾ ਤੇ ਕਬਾੜ ਦਾ ਕੰਮ ਕਰਨ ਵਾਲਿਆਂ ਦਾ ਚਾਲਾਨ ਕਰਵਾਇਆ ਜਾਵੇਗਾ ਤਾਂ ਕਿ ਕੋਈ ਦੁਬਾਰਾ ਇਹ ਗਲਤੀ ਨਾ ਕਰੇ।