ਸੀਵਰੇਜ ਦੇ ਪਾਣੀ ਕਾਰਨ ਸੜਕ ਤੋਂ ਲੰਘਣਾ ਔਖਾ
ਸ੍ਰੀ ਕ੍ਰਿਸ਼ਨਾ ਗਊਸ਼ਾਲਾ ਲਾਗੇ ਪਾਣੀ ਵਾਲੀ ਮੋਟਰ ਕੋਲ ਸੀਵਰੇਜ ਜਾਮ ਹੋਣ ਕਾਰਨ ਸੜਕ ’ਤੇ ਖੜ੍ਹ ਰਿਹਾ ਸੀਵਰੇਜ ਦਾ ਗੰਦਾ ਪਾਣੀ
Publish Date: Thu, 08 Jan 2026 08:14 PM (IST)
Updated Date: Thu, 08 Jan 2026 08:15 PM (IST)

-ਸੀਵਰੇਜ ਵਿਭਾਗ ਸੀਵਰੇਜ ਸਿਸਟਮ ਨੂੰ ਸੰਚਾਰੂ ਢੰਗ ਨਾਲ ਚਲਾਉਣ ’ਚ ਫੇਲ੍ਹ -ਲੋਕਾਂ ਨੂੰ ਉਥੋਂ ਲੰਘਣ ’ਚ ਹੋ ਰਹੀ ਭਾਰੀ ਪਰੇਸ਼ਾਨੀ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਸ਼ਹਿਰ ਸੀਵਰੇਜ ਸਿਸਟਮ ਇਸ ਕਦਰ ਫੇਲ੍ਹ ਸਾਬਤ ਹੋ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕਈ ਮੁਹੱਲਿਆਂ, ਸੜਕਾਂ ਤੇ ਸੀਵਰੇਜ ਜਾਮ ਦੀ ਸਥਿਤੀ ਬਰਕਰਾਰ ਹੈ। ਸੀਵਰੇਜ ਵਿਭਾਗ ਦੀ ਜੈਟਿੰਗ ਮਸ਼ੀਨ ਵੀ ਕਈ ਮਹੀਨਿਆਂ ਤੋਂ ਖਰਾਬ ਪਈ ਹੈ ਤੇ ਸੀਵਰੇਜ ਖੋਲ੍ਹਣ ਲਈ ਸੀਵਰੇਜ ਵਿਭਾਗ ਨੂੰ ਦੂਜੇ ਸ਼ਹਿਰ ਤੋਂ ਜੈਟਿੰਗ ਮਸ਼ੀਨ ਮੰਗਵਾਉਣ ਪਈ ਹੈ, ਪਰ ਹਾਲੇ ਵੀ ਸੀਵਰੇਜ ਦੀ ਸਥਿਤੀ ’ਚ ਸੂਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸ੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਦੇ ਲਾਗੇ ਪਾਣੀ ਵਾਲੀ ਮੋਟਰ ਕੋਲ ਸੀਵਰੇਜ ਆਏ ਦਿਨ ਬੰਦ ਹੀ ਰਹਿੰਦਾ ਹੈ, ਵੀਰਵਾਰ ਵੀ ਸੀਵਰੇਜ ਬੰਦ ਹੋਣ ਕਾਰਨ ਸੜਕ ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਉਥੋਂ ਲੰਘਣ ’ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਦੇਖਣ ’ਚ ਆਇਆ ਹੈ ਕਿ ਇਸ ਜਗ੍ਹਾ ’ਤੇ ਅਕਸਰ ਸੀਵਰੇਜ ਜਾਮ ਦੀ ਸਥਿਤੀ ਰਹਿੰਦੀ ਹੈ ਤੇ ਉਸ ਤੋਂ ਇਲਾਵਾ ਨਾਲੀਆਂ ’ਚ ਫੁੱਟਾਂ ਦੇ ਹਿਸਾਬ ਨਾਲ ਗਾਰ ਵੀ ਸੀਵਰੇਜ ਜਾਮ ਦੀ ਸਥਿਤੀ ਨੂੰ ਹੋਰ ਗੰਭੀਰ ਕਰ ਦਿੰਦੀ ਹੈ, ਜਿੱਥੇ ਸੀਵਰੇਜ ਵਿਭਾਗ ਸੀਵਰੇਜ ਖੋਲ੍ਹਣ ’ਚ ਨਾਕਾਮ ਸਾਬਤ ਹੋ ਰਿਹਾ ਹੈ, ਉਥੇ ਹੀ ਨਗਰ ਕੌਂਸਲ ਦੇ ਅਧਿਕਾਰੀ ਵੀ ਨਾਲੀਆਂ ’ਚੋਂ ਗਾਰ ਕਢਵਾਉਣ ’ਚ ਲਾਪਰਵਾਹੀ ਵਰਤ ਰਹੇ ਹਨ। ਲਾਗਲੇ ਦੁਕਾਨਦਾਰਾਂ ਨੂੰ ਕਹਿ-ਕਹਿ ਕੇ ਕਈ ਵਾਰ ਨਾਲੀਆਂ ’ਚੋਂ ਗਾਰ ਕਢਵਾਉਣੀ ਪੈਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸੀਵਰੇਜ ਵਿਭਾਗ ਤੇ ਨਗਰ ਕੌਂਸਲ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਵੇ ਤੇ ਸੀਵਰੇਜ ਜਾਮ ਦੀ ਸਮੱਸਿਆ ਦਾ ਪੱਕਾ ਹੱਲ ਕਰੇ ਤੇ ਨਗਰ ਕੌਂਸਲ ਦੇ ਈਓ ਵੀ ਆਪਣੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਸਖਤ ਨੋਟਿਸ ਲੈਣ। ਇਸ ਸਬੰਧੀ ਜਦੋ ਸੀਵਰੇਜ ਬੋਰਡ ਦੇ ਜੇਈ ਅਜੇ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਦੱਸਿਆ ਕਿ ਜਲਦ ਇਸ ਦਾ ਹੱਲ ਕੀਤਾ ਜਾਵੇਗਾ।