ਸਿਹਤਮੰਦ ਰਹਿਣ ਲਈ ਸੰਤੁਲਿਤ ਖ਼ੁਰਾਕ ਜ਼ਰੂਰੀ : ਏਐੱਮਓ
ਤੇਹਿੰਗ ਕਾਲਜ ’ਚ ਸਿਹਤ ਤੇ ਤੰਦਰੁਸਤੀ ਵਿਸ਼ੇ ’ਤੇ ਕਰਵਾਇਆ ਸੈਮੀਨਾਰ
Publish Date: Wed, 21 Jan 2026 09:05 PM (IST)
Updated Date: Wed, 21 Jan 2026 09:06 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੇਹਿੰਗ ਵਿਖੇ ਸਿਹਤ ਤੇ ਤੰਦਰੁਸਤੀ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਡਾ. ਬਲਜਿੰਦਰ ਸਿੰਘ ਏਐੱਮਓ ਬੜਾਪਿੰਡ ਨੇ ਸ਼ਿਰਕਤ ਕੀਤੀ। ਡਾ: ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਆਉਣ ਵਾਲੀਆਂ ਬਿਮਾਰੀਆਂ ਦੇ ਕਾਰਨ, ਪ੍ਰਭਾਵ ਅਤੇ ਉਸ ਤੋਂ ਬਚਣ ਦੇ ਤਰੀਕਿਆਂ ਨੂੰ ਇੱਕ ਪੀ.ਪੀ.ਟੀ ਦੇ ਮਾਧਿਅਮ ਰਾਹੀਂ ਡੂੰਘਾਈ ਨਾਲ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਸਾਡੇ ਆਲੇ-ਦੁਆਲੇ ਦੇ ਮਾਹੌਲ, ਖਾਣ-ਪੀਣ ਤੇ ਰਹਿਣ-ਸਹਿਣ ਦੀਆਂ ਆਦਤਾਂ ਦਾ ਸਾਡੀ ਸਿਹਤ ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ ਜੇਕਰ ਸਿਹਤਮੰਦ ਰਹਿਣਾ ਹੈ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਖੁਰਾਕ ਨੂੰ ਸੰਤੁਲਿਤ ਰੱਖੀਏ ਅਤੇ ਯੋਗਾ ਜਾਂ ਕਸਰਤ ਕਰਨਾ ਵੀ ਰੋਜ਼ ਦੀ ਆਦਤ ਬਣਾਈਏ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਤੇ ਨਾਲ ਹੀ ਨੌਜਵਾਨ ਵਰਗ ਵਿੱਚ ਵੱਧ ਰਹੇ ਮਾਨਸਿਕ ਤਨਾਵ ਦੇ ਕਾਰਨ ਅਤੇ ਨਤੀਜਿਆਂ ਤੋਂ ਜਾਣੂੰ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਤਨੋਂ-ਮਨੋਂ ਆਰੋਗ ਰਹਿਣ ਦੀ ਅਪੀਲ ਕੀਤੀ ਤੇ ਆਪਣਾ ਤੇ ਆਪਣੇ ਘਰ-ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਜਾਗਰੂਕ ਹੋਣ ਤੇ ਸਦਾ ਚੜ੍ਹਦੀ ਕਲਾ ’ਚ ਰਹਿਣ ਦਾ ਸੁਨੇਹਾ ਵੀ ਦਿੱਤਾ।