ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 14 ਸਕੂਲਾਂ ਦੀ ਚੋਣ : ਡੀਈਓ
ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 14 ਸਕੂਲਾਂ ਦੀ ਚੋਣ
Publish Date: Tue, 30 Dec 2025 07:15 PM (IST)
Updated Date: Tue, 30 Dec 2025 07:17 PM (IST)

-30 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਕੀਤੇ ਜਾਣਗੇ ਸਨਮਾਨਿਤ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਭਾਰਤ ਸਰਕਾਰ ਦੇ ਵਾਤਾਵਰਨ ਤੇ ਜਲਵਾਯੂ ਤਬਦੀਲੀ ਮੰਤਰਾਲੇ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾਂ ਦੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਕਰਵਾਏ ਗਏ ਆਡਿਟ ਉਪਰੰਤ ਜ਼ਿਲ੍ਹੇ ਦੇ 14 ਸਕੂਲਾਂ ਨੂੰ ਗ੍ਰੀਨ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਗ੍ਰੀਨ ਸਕੂਲ ਐਵਾਰਡ ਲਈ ਚੁਣੇ ਗਏ ਜ਼ਿਲ੍ਹੇ ਦੇ 14 ਸਕੂਲਾਂ ’ਚੋਂ 13 ਸਰਕਾਰੀ ਹਨ। ਉਨ੍ਹਾਂ ਦੱਸਿਆ ਕਿ ਜੀਐੱਸਪੀ ਆਡਿਟ ’ਚ ਹਿੱਸਾ ਲੈਣ ਵਾਲੇ ਸਕੂਲਾਂ ’ਚ ਹਵਾ, ਪਾਣੀ, ਧਰਤੀ, ਭੋਜਨ ਦੀ ਗੁਣਵੱਤਾ, ਕੂੜਾ ਤੇ ਊਰਜਾ ਦੀਆਂ ਕਸੌਟੀਆਂ ਦੀ ਜਾਂਚ ਕੇਂਦਰੀ ਟੀਮ ਵੱਲੋਂ ਕੀਤੀ ਗਈ ਸੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਦੀ ਰੇਟਿੰਗ ’ਚ ਸੁਧਾਰ ਕਰਦਿਆਂ ਜ਼ਿਲ੍ਹੇ ਦੇ 14 ਸਰਕਾਰੀ ਸਕੂਲਾਂ ਨੂੰ ਇਹ ਮਾਣ ਹਾਸਲ ਹੋਇਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਤੇ ਖੁਸ਼ੀ ਜ਼ਾਹਿਰ ਕਰਦਿਆਂ ਡੀਈਓ ਡਾ. ਗੁਰਿੰਦਰਜੀਤ ਕੌਰ ਤੇ ਡਿਪਟੀ ਡੀਈਓ ਰਾਜੀਵ ਜੋਸ਼ੀ ਨੇ ਜ਼ਿਲ੍ਹੇ ਦੀ ਜੀਐੱਸਪੀ ਟੀਮ ਤੇ ਗ੍ਰੀਨ ਸਕੂਲ ਵਜੋਂ ਚੁਣੇ ਗਏ ਸਕੂਲਾਂ ਦੇ ਮੁਖੀਆਂ, ਰਿਸੋਰਸ ਪਰਸਨ ਰਾਜੇਸ਼ ਸ਼ਰਮਾ ਤੇ ਨਰੇਸ਼ ਕੁਮਾਰ ਸਮੇਤ ਸਮੂਹ ਮਿਹਨਤੀ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੇਂ-ਸਮੇਂ ਤੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾਂ ਦੇ ਸੈਮੀਨਾਰ ਵੀ ਲਗਾਏ ਗਏ, ਜਿਸਦੇ ਨਤੀਜਾ ਸਦਕਾ ਜ਼ਿਲ੍ਹੇ ਨੂੰ ਇਹ ਮਾਣ ਹਾਸਲ ਹੋਇਆ ਹੈ। ਉਨ੍ਹਾਂ ਵੱਲੋਂ ਲਗਾਤਾਰ ਤੀਜੀ ਵਾਰ ਗ੍ਰੀਨ ਸਕੂਲ ਵਜੋਂ ਚੁਣੇ ਜਾਣ ਤੇ ਸਰਕਾਰੀ ਹਾਈ ਸਕੂਲ ਜਲਭੇ ਦੇ ਹੈੱਡਮਿਸਟ੍ਰੈੱਸ ਵਿਜੈ ਲਕਸ਼ਮੀ ਤੇ ਸਾਇੰਸ ਮਿਸਟ੍ਰੈਸ ਪ੍ਰਭਜੋਤ ਕੌਰ ਦੀ ਪ੍ਰਸ਼ੰਸਾ ਕੀਤੀ। ਰਾਜੀਵ ਜੋਸ਼ੀ ਨੇ ਕਿਹਾ ਕਿ ਚੁਣੇ ਗਏ ਸਕੂਲਾਂ ਨੂੰ ਵਿਗਿਆਨ ਤੇ ਵਾਤਾਵਰਨ ਕੇਂਦਰ ਵੱਲੋਂ ਨਵੀਂ ਦਿੱਲੀ ਦੇ ਇੰਡੀਅਨ ਹੈਬੀਟੈਟ ਕੇਂਦਰ ਵਿਖੇ 30 ਜਨਵਰੀ ਨੂੰ ਸਨਮਾਨ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।