ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ਹੇਠੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਅਚਾਨਕ ਲਾਈ ਬ੍ਰੇਕ, ਯਾਤਰੀਆਂ 'ਚ ਮਚੀ ਹਫੜਾ-ਦੱਫੜੀ
ਉੱਤਰ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਜੋ ਆਪਣੇ ਮਿੱਥੇ ਸਮੇਂ ਤੋਂ ਕਰੀਬ ਸਾਢੇ ਪੰਜ ਘੰਟੇ ਲੇਟ ਚੱਲ ਰਹੀ ਸੀ, ਪਠਾਨਕੋਟ ਵੱਲ ਜਾ ਰਹੀ ਸੀ। ਜਦੋਂ ਇਹ ਟ੍ਰੇਨ ਕਰੀਬ ਸਾਢੇ ਅੱਠ ਵਜੇ ਟਾਂਡਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਸਟੇਸ਼ਨ ਮਾਸਟਰ ਨੇ ਵੇਖਿਆ ਕਿ ਟਰੇਨ ਦੇ ਇਕ ਏਸੀ ਕੋਚ ਦੇ ਚੱਕਿਆਂ 'ਚੋਂ ਧੂਆਂ ਤੇ ਚੰਗਿਆੜੇ ਨਿਕਲ ਰਹੇ ਹਨ।
Publish Date: Sat, 30 Sep 2023 11:13 AM (IST)
Updated Date: Sat, 30 Sep 2023 05:08 PM (IST)
ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ : ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਪੈਂਦੇ ਪਿੰਡ ਕਰਾਲਾ ਨੇੜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ ਡੱਬੇ ਹੇਠੋਂ ਅਚਾਨਕ ਧੂੰਆਂ ਨਿਕਲਣ ਲੱਗਾ ਤਾਂ ਡਰਾਈਵਰ ਨੇ ਇਕਦਮ ਬ੍ਰੇਕ ਲਾ ਦਿੱਤੀ। ਇਸ ਡੱਬੇ 'ਚ ਬੈਠੇ ਤੇ ਬਾਕੀ ਯਾਤਰੀਆਂ 'ਚ ਹਫੜਾ-ਤਫੜੀ ਮਚ ਗਈ। ਉਹ ਟ੍ਰੇਨ 'ਚੋਂ ਉਤਰ ਕੇ ਰੇਲਵੇ ਟਰੈਕ ਵੱਲ ਭੱਜਣ ਲੱਗੇ। ਹਾਲਾਂਕਿ ਟ੍ਰੇਨ ਡਰਾਈਵਰ ਦੀ ਸੂਝਬੂਝ ਨਾਲ ਵੱਡਾ ਹਾਦਸਾ ਹੋਣੋਂ ਟਲ਼ ਗਿਆ।
ਜਾਣਕਾਰੀ ਅਨੁਸਾਰ ਉੱਤਰ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਜੋ ਆਪਣੇ ਮਿੱਥੇ ਸਮੇਂ ਤੋਂ ਕਰੀਬ ਸਾਢੇ ਪੰਜ ਘੰਟੇ ਲੇਟ ਚੱਲ ਰਹੀ ਸੀ, ਪਠਾਨਕੋਟ ਵੱਲ ਜਾ ਰਹੀ ਸੀ। ਜਦੋਂ ਇਹ ਟ੍ਰੇਨ ਕਰੀਬ ਸਾਢੇ ਅੱਠ ਵਜੇ ਟਾਂਡਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਸਟੇਸ਼ਨ ਮਾਸਟਰ ਨੇ ਵੇਖਿਆ ਕਿ ਟਰੇਨ ਦੇ ਇਕ ਏਸੀ ਕੋਚ ਦੇ ਚੱਕਿਆਂ 'ਚੋਂ ਧੂਆਂ ਤੇ ਚੰਗਿਆੜੇ ਨਿਕਲ ਰਹੇ ਹਨ। ਉਸਨੇ ਇਸਦੀ ਸੂਚਨਾ ਰੇਲਵੇ ਵਿਭਾਗ ਜ਼ਰੀਏ ਟਰੇਨ ਡਰਾਈਵਰ ਤਕ ਪਹੁੰਚਾਈ ਜਿਸ ਤੋਂ ਬਾਅਦ ਟ੍ਰੇਨ ਡਰਾਈਵਰ ਨੇ ਟਾਂਡਾ ਤੋਂ ਕਰੀਬ ਚਾਰ ਕਿੱਲੋਮੀਟਰ ਦੂਰ ਪਿੰਡ ਕੁਰਾਲਾ ਨੇੜੇ ਟ੍ਰੇਨ ਰੋਕ ਦਿੱਤੀ। ਟ੍ਰੇਨ ਦੇ ਚੱਕਿਆ 'ਚ ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ 'ਚ ਡਰ ਤੇ ਸਹਿਮ ਦਾ ਮਹੌਲ ਪੈਦਾ ਹੋ ਗਿਆ ਤੇ ਇੱਕਦਮ ਹਫੜਾ-ਤਫੜੀ ਮੱਚ ਗਈ। ਯਾਤਰੀ ਟ੍ਰੇਨ 'ਚੋਂ ਉਤਰ ਕੇ ਰੇਲਵੇ ਟਰੈਕ ਵੱਲ ਭੱਜਣ ਲੱਗ ਪਏ। ਕਰੀਬ ਅੱਧਾ ਘੰਟਾ ਜੱਦੋਜਹਿਦ ਤੋਂ ਬਾਅਦ ਅੱਗ ਬੁਝਾਊ ਯੰਤਰ ਜ਼ਰੀਏ ਰੇਲਵੇ ਮੁਲਾਜ਼ਮਾਂ ਨੇ ਨਿਕਲ ਰਹੇ ਧੂੰਏ ਤੇ ਚੰਗਿਆੜਿਆਂ 'ਤੇ ਕਾਬੂ ਪਾ ਲਿਆ। ਟ੍ਰੇਨ ਡਰਾਈਵਰ ਦੇ ਦੱਸਣ ਮੁਤਾਬਕ ਏਸੀ ਕੋਚ ਦੇ ਬ੍ਰੇਕ ਜਾਮ ਹੋ ਗਏ ਸਨ। ਟ੍ਰੇਨ ਡਰਾਈਵਰ ਤੇ ਰੇਲਵੇ ਵਿਭਾਗ ਦੀ ਹੁਸ਼ਿਆਰੀ ਕਾਰਨ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਤੇ ਟ੍ਰੇਨ ਆਪਣੇ ਸਫਰ ਵੱਲ ਰਵਾਨਾ ਹੋ ਗਈ ।