ਅੰਗੀਠੀ ਬਾਲ ਕੇ ਸੁੱਤੇ ਸਕਿਓਰਟੀ ਗਾਰਡ ਦੀ ਮੌਤ
ਅੰਗੀਠੀ ਬਾਲ ਕੇ ਸੁੱਤੇ ਸਕਿਉਰਟੀ ਗਾਰਡ ਦੀ ਹੋਈ ਮੌਤ
Publish Date: Sat, 24 Jan 2026 09:53 PM (IST)
Updated Date: Sun, 25 Jan 2026 04:22 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੁਰਾਣੀ ਜੀਟੀ ਰੋਡ ਸੂਰਾਨੁੱਸੀ ’ਤੇ ਸਥਿਤ ਪ੍ਰਾਈਵੇਟ ਲਿਮਟਿਡ ਫੈਕਟਰੀ ’ਚ ਅੰਗੀਠੀ ਬਾਲ ਕੇ ਸੁੱਤੇ ਦੋ ਸਕਿਓਰਿਟੀ ਗਾਰਡਾਂ ਨੂੰ ਗੈਸ ਚੜ੍ਹਨ ਦੌਰਾਨ ਇਕ ਸਕਿਓਰਿਟੀ ਗਾਰਡ ਦੀ ਮੌਤ ਹੋ ਗਈ, ਜਦਕਿ ਦੂਜੇ ਸਕਿਓਰਿਟੀ ਗਾਰਡ ਨੂੰ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਭਾਰੀ ਮੀਂਹ ਪੈਣ ਕਰ ਕੇ ਫੈਕਟਰੀ ’ਚ ਬਿਜਲੀ ਦੀ ਸਪਲਾਈ ਬੰਦ ਨਾ ਹੋਣ ਦੌਰਾਨ ਰਾਤ ਦੀ ਸ਼ਿਫਟ ਬੰਦ ਕਰ ਦਿੱਤੀ ਗਈ ਸੀ ਤੇ ਤਿੰਨ ਸਿਕਿਓਰਿਟੀ ਗਾਰਡ ਆਪਣੇ ਕਮਰੇ ’ਚ ਅੰਗੀਠੀ ਬਾਲ ਕੇ ਬੈਠੇ ਹੋਏ ਸਨ, ਜਿਨਾਂ ’ਚੋਂ ਦੋ ਸਿਕਿਓਰਿਟੀ ਗਾਰਡ ਅੱਧੀ ਰਾਤ ਤੋਂ ਬਾਅਦ ਸੌਂ ਗਏ ਸਨ, ਜੋ ਕਿ ਤੜਕਸਾਰ ਤਕਰੀਬਨ ਤਿੰਨ ਵਜੇ ਤੋਂ ਬਾਅਦ ਦੋ ਸਿਕਿਓਰਿਟੀ ਗਾਰਡ ਔਖੇ ਸਾਲ ਲੈਣ ਲੱਗ ਪਏ ਜਿਸ ਦੌਰਾਨ ਤੀਸਰੇ ਸਿਕਿਉਰਟੀ ਗਾਰਡ ਵੱਲੋਂ ਹੋਰ ਵਿਅਕਤੀਆਂ ਨੂੰ ਬੁਲਾ ਕੇ ਉਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋਂ ਇਕ ਸਿਕਿਓਰਿਟੀ ਗਾਰਡ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਦਕਿ ਦੂਜੇ ਸਕਿਓਰਿਟੀ ਗਾਰਡ ਨੂੰ ਇਲਾਜ ਉਪਰੰਤ ਘਰ ਵਾਪਸ ਭੇਜ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਪ੍ਰਦੀਪ ਸਿੰਘ (45) ਪੁੱਤਰ ਮਲਕੀਅਤ ਸਿੰਘ 278, ਗਲੀ ਨੰਬਰ 12,ਗੁਲਜਾਰ ਨਗਰ, ਵਾਸੀ ਆਰਸੀਐੱਫ, ਕਪੂਰਥਲਾ ਵਜੋਂ ਹੋਈ ਹੈ। ਥਾਣਾ ਇਕ ਦੇ ਮੁਖੀ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖੀ ਗਈ ਹੈ ਤੇ ਉਨਾਂ ਵੱਲੋਂ ਧਾਰਾ 194 ਬੀਐੱਨਐੱਸ ਤਹਿਤ ਕਾਰਵਾਈ ਕੀਤੀ ਗਈ ਹੈ।