ਸਕੂਲ ਆਫ ਐਮਿਨੇਂਸ ਨੇ ਸੀਟੀ ਗਰੁੱਪ ਦੇ ਸਹਿਯੋਗ ਨਾਲ 150 ਸਾਲਾਂ ਦਾ ਇਤਿਹਾਸਕ ਜਸ਼ਨ ਮਨਾਇਆ

--ਸੀਟੀ ਗਰੁੱਪ ਦੇ ਸਹਿਯੋਗ ਨਾਲ 150 ਸਾਲਾਂ ਦਾ ਇਤਿਹਾਸਕ ਜਸ਼ਨ ਮਨਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਲਾਡੋਵਾਲੀ ਰੋਡ ਵਿਖੇ ਸੀ ਟੀ ਗਰੁੱਪ ਦੇ ਸਹਿਯੋਗ ਸਕੂਲ ਦੇ 150 ਸਾਲਾ ਦੇ ਸ਼ਾਨਦਾਰ ਵਿੱਦਿਅਕ ਸਫਰ ਦਾ ਸਮਾਗਮ ਮਨਾਇਆ ਗਿਆ। ਇਸ ਇਤਿਹਾਸਕ ਸਮਾਗਮ ’ਚ ਪ੍ਰਮੁੱਖ ਸ਼ਖਸੀਅਤਾਂ, ਪੁਰਾਣੇ ਵਿਦਿਆਰਥੀ, ਅਧਿਆਪਕ, ਵਿਦਿਆਰਥੀ ਤੇ ਸ਼ੁਭਚਿੰਤਕ ਵੱਡੀ ਗਿਣਤੀ ’ਚ ਸ਼ਾਮਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਸਕੂਲ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸੰਸਥਾ ਨੇ ਪੀੜ੍ਹੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਵਿਸ਼ੇਸ਼ ਮਹਿਮਾਨ ਹਲਕਾ ਇੰਚਾਰਜ ਜਲੰਧਰ ਨਿਤਿਨ ਕੋਹਲੀ ਨੇ ਸਕੂਲ ਨੂੰ 150 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮਰਪਣ ਤੇ ਸੇਵਾ ਦੇ ਮੂਲਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਜਸਟਿਸ ਨਰਿੰਦਰ ਸੂਦ ਦੀ ਹਾਜ਼ਰੀ ਨਾਲ ਸਮਾਗਮ ਦੀ ਸ਼ਾਨ ਵਧੀ। ਪਦਮ ਭੂਸ਼ਣ ਬਜਿੰਦਰ ਸਿੰਘ ਹਮਦਰਦ ਨੇ ਪੰਜਾਬ ’ਚ ਸਿੱਖਿਆ ਦੇ ਖੇਤਰ ’ਚ ਸਕੂਲ ਦੇ ਇਤਿਹਾਸਕ ਯੋਗਦਾਨ ਦੀ ਸ਼ਲਾਘਾ ਕੀਤੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਵਿਨੀਤ ਚੌਧਰੀ ਨੇ ਵੀ ਰਾਸ਼ਟਰ ਨਿਰਮਾਣ ’ਚ ਮਜ਼ਬੂਤ ਸਿੱਖਿਆ ਸੰਸਥਾਵਾਂ ਦੀ ਮਹੱਤਤਾ ਬਾਰੇ ਦੱਸਿਆ। ਐਲਮੁਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐੱਸਪੀਐੱਸ ਗ੍ਰੋਵਰ ਨੇ ਸਕੂਲ ਦੇ ਮਜ਼ਬੂਤ ਪੁਰਾਣੇ ਵਿਦਿਆਰਥੀ ਹੋਣ ’ਤੇ ਮਾਣ ਜ਼ਾਹਰ ਕੀਤਾ। ਸੀ ਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਸਿੰਘ ਕੇਪੀ, ਸਾਬਕਾ ਮੇਅਰ ਜਗਦੀਸ਼ ਰਾਜਾ, ਐਲਮੁਨੀ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਸੈਣੀ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੋਸ਼ੀ ਵੀ ਮੌਜੂਦ ਰਹੇ। ਸੀ ਟੀ ਗਰੁੱਪ ਵੱਲੋਂ ਹਰਪ੍ਰੀਤ ਸਿੰਘ ਤੇ ਡਾ. ਮਨਬੀਰ ਸਿੰਘ ਨੇ ਸੰਸਥਾ ਦੀ ਸਾਮਾਜਿਕ ਤੇ ਸਿੱਖਿਆਕ ਯਾਤਰਾ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ’ਚ ਵੀ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਪ੍ਰੋਗਰਾਮ ’ਚ ਸਕੂਲ ਦੇ 70 ਤੋਂ ਵੱਧ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਸਕੂਲ ਨਾਲ ਡੂੰਘੇ ਲਗਾਅ ਬਾਰੇ ਵਿਚਾਰ ਸਾਂਝੇ ਕੀਤੇ। ਪੁਰਾਣੇ ਵਿਦਿਆਰਥੀ ਆਪਣੀ ਜਮਾਤ ਦੇ ਕਮਰਿਆਂ ’ਚ ਗਏ ਅਤੇ ਬੈਂਚਾਂ ’ਤੇ ਬੈਠ ਕੇ ਸਕੂਲ ਸਮੇਂ ਦੀਆ ਯਾਦਾਂ ਤਾਜ਼ਾ ਕਰਦਿਆਂ ਭਾਵੁਕ ਵੀ ਹੋ ਗਏ। ਇਸ ਮੌਕੇ ਸਕੂਲ ਦੀ ਯਾਤਰਾ ਤੇ ਯਾਦਾਂ ਨੂੰ ਸੰਭਾਲਦੀ ਵਿਸ਼ੇਸ਼ ਸਮਾਰਿਕਾ ਪੁਸਤਿਕਾ ਜਾਰੀ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੱਭਿਆਚਾਰਕ ਪੇਸ਼ਕਾਰੀਆਂ ਸੁਰੀਲੇ ਗੀਤ ਤੇ ਮੰਚ ਪੇਸ਼ਕਾਰੀਆਂ ਨੇ ਸਮਾਗਮ ਨੂੰ ਰੰਗੀਨ ਤੇ ਯਾਦਗਾਰ ਬਣਾਇਆ। ਪ੍ਰਿੰਸੀਪਲ ਯੋਗੇਸ਼ ਕੁਮਾਰ ਨੇ ਸੀ ਟੀ ਗਰੁੱਪ, ਮਹਿਮਾਨਾਂ, ਅਧਿਆਪਕਾਂ ਤੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 150 ਸਾਲਾਂ ਦੀ ਇਹ ਯਾਤਰਾ ਮੁੱਲ, ਮਿਹਨਤ ਤੇ ਸਾਂਝੇ ਯਤਨਾਂ ਦੀ ਨਿਸ਼ਾਨੀ ਹੈ। ਸਮਾਗਮ ਗਰਵ ਤੇ ਪ੍ਰੇਰਣਾ ਭਰੇ ਮਾਹੌਲ ਨਾਲ ਸਮਾਪਤ ਹੋਇਆ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਕੂਲ ਦੀ ਵਿਰਾਸਤ ਨੂੰ ਰੋਸ਼ਨ ਕਰਦਾ ਰਹੇਗਾ।