ਐੱਸਸੀ ਕਮਿਸ਼ਨ ਦੇ ਦਫ਼ਤਰ ’ਚ ਕਬੀਰ ਮਹਾਰਾਜ ਦੀ ਤਸਵੀਰ ਲਾਉਣ ਦੀ ਮੰਗ
ਸਤਿਗੁਰੂ ਕਬੀਰ ਭਵਨ ਵੈਲਫੇਅਰ ਸੋਸਾਇਟੀ, 120 ਫੁੱਟ ਰੋਡ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ
Publish Date: Mon, 24 Nov 2025 07:32 PM (IST)
Updated Date: Mon, 24 Nov 2025 07:37 PM (IST)
-ਸਤਿਗੁਰੂ ਕਬੀਰ ਭਵਨ ਵੈੱਲਫੇਅਰ ਸੁਸਾਇਟੀ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਤਿਗੁਰੂ ਕਬੀਰ ਭਵਨ ਵੈਲਫੇਅਰ ਸੁਸਾਇਟੀ 120 ਫੁੱਟ ਰੋਡ ਦੇ ਵਫ਼ਦ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਤੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਕਮੇਟੀ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਤਸਵੀਰ ਚੇਅਰਮੈਨ ਗੜ੍ਹੀ ਨੂੰ ਭੇਟ ਕੀਤੀ ਤੇ ਨਿਮਰਤਾ ਨਾਲ ਬੇਨਤੀ ਕੀਤੀ ਕਿ ਇਸ ਨੂੰ ਕਮਿਸ਼ਨ ਦੇ ਮੁੱਖ ਦਫ਼ਤਰ ’ਚ ਸਥਾਪਤ ਕੀਤਾ ਜਾਵੇ।
ਸੁਸਾਇਟੀ ਨੇ ਕਿਹਾ ਕਿ ਚੇਅਰਮੈਨ ਦੇ ਸਰਕਾਰੀ ਦਫ਼ਤਰ ’ਚ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਦੀਆਂ ਤਸਵੀਰਾਂ ਸਥਾਪਤ ਹਨ ਪਰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਤਸਵੀਰ ਸਥਾਪਤ ਨਹੀਂ ਕੀਤੀ ਗਈ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਸੁਸਾਇਟੀ ਨੇ ਉਨ੍ਹਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਤਸਵੀਰ ਭੇਟ ਕੀਤੀ, ਤਾਂ ਜੋ ਇਸ ਨੂੰ ਕਬੀਰਪੰਥੀ/ਮੇਘ ਭਾਈਚਾਰੇ ਦੇ ਸਨਮਾਨ ਲਈ ਦਫ਼ਤਰ ’ਚ ਸਥਾਪਤ ਕੀਤਾ ਜਾ ਸਕੇ। ਪ੍ਰਤੀਨਿਧੀਆਂ ਨੇ ਕਿਹਾ ਕਿ ਕਮਿਸ਼ਨ ਦੇ ਦਫ਼ਤਰ ’ਚ ਉਨ੍ਹਾਂ ਦੀ ਤਸਵੀਰ ਲਗਾਉਣ ਨਾਲ ਸਮਾਜ ’ਚ ਸਦਭਾਵਨਾ, ਜਾਗਰੂਕਤਾ ਤੇ ਪ੍ਰੇਰਨਾ ਦਾ ਸੰਦੇਸ਼ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਫੈਲੇਗਾ।
ਸੁਸਾਇਟੀ ਨੇ ਕਿਹਾ ਕਿ ਇਹ ਬੇਨਤੀ ਸਮਾਜਿਕ ਜਾਗਰੂਕਤਾ ਵਧਾਉਣ, ਦਲਿਤ ਭਾਈਚਾਰੇ ਦਾ ਸਤਿਕਾਰ ਕਰਨ ਤੇ ਸੰਤ ਸਮਾਜ ਦੀਆਂ ਸਿੱਖਿਆਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਸੁਸਾਇਟੀ ਨੇ ਉਮੀਦ ਪ੍ਰਗਟ ਕੀਤੀ ਕਿ ਕਮਿਸ਼ਨ ਜਲਦੀ ਹੀ ਇਸ ਮਾਮਲੇ 'ਤੇ ਢੁਕਵਾਂ ਫੈਸਲਾ ਲਵੇਗਾ ਤੇ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਵੇਗਾ। ਸੁਸਾਇਟੀ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਜਲੰਧਰ ’ਚ 120 ਫੁੱਟ ਰੋਡ 'ਤੇ ਇਸ ਸਮੇਂ ਇਕਲੌਤਾ ਸਤਿਗੁਰੂ ਕਬੀਰ ਭਵਨ ਨਿਰਮਾਣ ਅਧੀਨ ਹੈ। ਵਫ਼ਦ ਨੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਉਹ ਜਲੰਧਰ ਆਉਣ ਤਾਂ ਸਤਿਗੁਰੂ ਕਬੀਰ ਭਵਨ ਦਾ ਦੌਰਾ ਕਰਨ। ਇਸ ਮੌਕੇ ਕੁਲਦੀਪ ਕੁਮਾਰ ਦੀਪੂ, ਵਿਜੇ ਭਗਤ, ਲਾਭ ਚੰਦ, ਗੁਰਬਚਨ ਜੱਲਾ, ਠਾਕੁਰ ਭਗਤ, ਲਾਡੀ ਭਗਤ, ਕੌਂਸਲਰ ਅਜੇ ਬੱਬਲ, ਆਸ਼ੂ ਭਗਤ, ਕਮਲ ਭਗਤ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।