ਭਗਤ ਨੇ ਲਾਲ ਲਕੀਰ ਜ਼ਮੀਨਾਂ ਦਾ ਮੁੱਦਾ ਸੀਐੱਮ ਅੱਗੇ ਰੱਖਿਆ
ਸੰਜੀਵ ਭਗਤ ਨੇ ਲਾਲ ਲਕੀਰ ਜ਼ਮੀਨਾਂ ਦਾ ਮੁੱਦਾ ਸੀਐੱਮ ਅੱਗੇ ਰੱਖਿਆ
Publish Date: Wed, 14 Jan 2026 08:09 PM (IST)
Updated Date: Wed, 14 Jan 2026 08:12 PM (IST)
-ਜਲੰਧਰ ’ਚ ਵੀ ਲੁਧਿਆਣਾ ਦੀ ਤਰਜ਼ ’ਤੇ ਜਲਦੀ ਹੱਲ ਹੋਵੇਗਾ : ਮਾਨ
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਯੋਜਨਾ ਬੋਰਡ ਜਲੰਧਰ ਦੇ ਮੈਂਬਰ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਜਲੰਧਰ ਸੰਜੀਵ ਭਗਤ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਾਹਮਣੇ ਸ਼ਹਿਰ ’ਚ ਲਾਲ ਲਕੀਰ ਅਧੀਨ ਆਉਂਦੀਆਂ ਜ਼ਮੀਨਾਂ ਦੀ ਰਜਿਸਟਰੀ ਤੇ ਇੰਤਕਾਲ ਸਬੰਧੀ ਗੰਭੀਰ ਮੁੱਦਾ ਰੱਖਿਆ। ਇਸ ਮੌਕੇ ਸੰਜੀਵ ਭਗਤ ਨੇ ਕਿਹਾ ਕਿ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ। ਉਨ੍ਹਾਂ ਦੱਸਿਆ ਕਿ ਖ਼ਾਸ ਕਰਕੇ ਭਾਰਗੋ ਕੈਂਪ ਖੇਤਰ ’ਚ ਲਾਲ ਲਕੀਰ ਜ਼ਮੀਨਾਂ ਦਾ ਮਸਲਾ ਸਾਲਾਂ ਤੋਂ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ ਪਰ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਗੰਭੀਰ ਧਿਆਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੰਜੀਵ ਭਗਤ ਦੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਜਿਵੇਂ ਲੁਧਿਆਣੇ ’ਚ ਲਾਲ ਲਕੀਰ ਜ਼ਮੀਨਾਂ ਦਾ ਹੱਲ ਕੱਢਿਆ ਗਿਆ ਹੈ, ਓਸੇ ਤਰਜ਼ ’ਤੇ ਜਲੰਧਰ ’ਚ ਵੀ ਵਿਧਾਨ ਸਭਾ ’ਚ ਮਤਾ ਲਿਆ ਕੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਲੋਕ-ਹਿੱਤ ਨਾਲ ਜੁੜੇ ਹਰ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ ਤੇ ਜਲੰਧਰ ਦੇ ਲੋਕਾਂ ਨੂੰ ਵੀ ਲਾਲ ਲਕੀਰ ਜ਼ਮੀਨਾਂ ਸਬੰਧੀ ਜਲਦੀ ਵੱਡੀ ਰਾਹਤ ਮਿਲੇਗੀ।